
ਪੰਜਾਬ ਵਿੱਚ ਮੌਸਮ ਦੇ ਮਿਜ਼ਾਜ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਹੁਣ ਸੂਬੇ ਵਿੱਚ ਮੌਸਮ ਸਾਫ਼ ਹੋ ਗਿਆ ਹੈ, ਜਿਸ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ (IMD) ਮੁਤਾਬਕ ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਨੂੰ ਪੰਜਾਬ ਦਾ ਔਸਤ ਪਾਰਾ 2.1 ਡਿਗਰੀ ਸੈਲਸੀਅਸ ਵਧਿਆ ਹੈ। ਵਿਭਾਗ ਨੇ ਆਉਂਦੀ 8 ਜੂਨ ਤੋਂ 12 ਜੂਨ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਲੂ (Heatwave) ਚੱਲਣ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ, ਹਾਲਾਂਕਿ ਇਸ ਤੋਂ ਬਾਅਦ ਗਰਜ-ਚਮਕ ਨਾਲ ਤੂਫ਼ਾਨ ਆਉਣ ਦੀ ਵੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਜ਼ਿਲ੍ਹਾ 41.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਗਰਮ ਇਲਾਕਾ ਰਿਹਾ। ਹਾਲਾਂਕਿ ਵਿਭਾਗ ਨੇ ਪੰਜਾਬ ਦੇ 20 ਜ਼ਿਲ੍ਹਿਆਂ ਲਈ ਫਿਲਹਾਲ ਕੋਈ ਵੱਡੀ ਚੇਤਾਵਨੀ ਜਾਰੀ ਨਹੀਂ ਕੀਤੀ ਹੈ, ਪਰ ਹੁਸ਼ਿਆਰਪੁਰ, ਰੂਪਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪਠਾਨਕੋਟ ਵਿੱਚ 5.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ।
ਤਾਪਮਾਨ ਵਧਣ ਦੇ ਨਾਲ ਹੀ ਸੂਬੇ ਅੰਦਰ ਬਿਜਲੀ ਦੀ ਖ਼ਪਤ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ ਕਈ ਦਿਨਾਂ ਤੋਂ 10,000 ਮੈਗਾਵਾਟ ‘ਤੇ ਚੱਲ ਰਹੀ ਬਿਜਲੀ ਦੀ ਮੰਗ ਸ਼ਨੀਵਾਰ ਦੁਪਹਿਰ 3 ਵਜੇ 12,358 ਮੈਗਾਵਾਟ ਨੂੰ ਪਾਰ ਕਰ ਗਈ। ਇਸ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦੇ ਆਪਣੇ ਪਾਵਰ ਪਲਾਂਟਾਂ ਨੇ 4,000 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ, ਜਦੋਂ ਕਿ ਬਾਕੀ ਦੀ ਕਮੀ ਨੂੰ ਪੂਰਾ ਕਰਨ ਲਈ ਕੇਂਦਰੀ ਪੂਲ (ਸੈਂਟਰ) ਤੋਂ 6,800 ਮੈਗਾਵਾਟ ਬਿਜਲੀ ਖ਼ਰੀਦਣੀ ਪਈ।
ਮੌਸਮ ਵਿਗਿਆਨੀਆਂ ਅਨੁਸਾਰ ਦੱਖਣ-ਪੱਛਮੀ ਮਾਨਸੂਨ ਇਸ ਵੇਲੇ ਭਾਰਤ ਵਿੱਚ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਅਗਲੇ ਦੋ-ਤਿੰਨ ਦਿਨਾਂ ਵਿੱਚ ਇਸ ਦੇ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਹਿੱਸਿਆਂ ਵਿੱਚ ਪਹੁੰਚਣ ਲਈ ਹਾਲਾਤ ਅਨੁਕੂਲ ਹਨ। ਦੂਜੇ ਪਾਸੇ, ਜੰਮੂ-ਕਸ਼ਮੀਰ ਦੇ ਆਲੇ-ਖੇਤਰਾਂ ਵਿੱਚ ਇੱਕ ਵੈਸਟਰਨ ਡਿਸਟਰਬੈਂਸ (ਪੱਛਮੀ ਚੱਕਰਵਾਤ) ਸਰਗਰਮ ਹੈ, ਜੋ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਦੇ ਚੱਕਰਵਾਤੀ ਹਵਾਵਾਂ ਦੇ ਖੇਤਰ ਨਾਲ ਮਿਲ ਗਿਆ ਹੈ। ਇਸ ਦੇ ਪ੍ਰਭਾਵ ਕਾਰਨ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਭਾਰਤ ਦੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਬੱਦਲਵਾਈ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅਗਲੇ 3 ਦਿਨਾਂ ਦੌਰਾਨ ਮਾਲਵਾ ਦੇ ਚਾਰ ਜ਼ਿਲ੍ਹਿਆਂ— ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਅੱਤ ਦੀ ਗਰਮੀ ਅਤੇ ਲੂ (Heatwave) ਦਾ ਪ੍ਰਕੋਪ ਦੇਖਣ ਨੂੰ ਮਿਲੇਗਾ। ਜਦੋਂ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਸਮੇਤ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਮੁੱਖ ਤੌਰ ‘ਤੇ ਖੁਸ਼ਕ ਰਹੇਗਾ ਅਤੇ ਇੱਥੇ ਕੋਈ ਵਿਸ਼ੇਸ਼ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
Social Plugin