
ਲੁਧਿਆਣਾ ਸ਼ਹਿਰ ਦੇ ਲੋਕਾਂ ਲਈ ਇੱਕ ਬਹੁਤ ਹੀ ਜ਼ਰੂਰੀ ਖ਼ਬਰ ਹੈ। ਜੇਕਰ ਤੁਹਾਡੇ ਘਰ ਵਿੱਚ ਕੋਈ ਮਰੀਜ਼ ਹੈ ਜਾਂ ਤੁਹਾਨੂੰ ਨਿਯਮਿਤ ਤੌਰ 'ਤੇ ਦਵਾਈਆਂ ਦੀ ਲੋੜ ਪੈਂਦੀ ਹੈ, ਤਾਂ ਇਹ ਇੰਤਜ਼ਾਮ ਪਹਿਲਾਂ ਹੀ ਕਰ ਲਵੋ। ਲੁਧਿਆਣਾ ਮੈਡੀਕਲ ਐਸੋਸੀਏਸ਼ਨ ਦੀ ਇੱਕ ਅਹਿਮ ਬੈਠਕ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸ਼ਹਿਰ ਭਰ ਦੀਆਂ ਦਵਾਈਆਂ ਦੀਆਂ ਦੁਕਾਨਾਂ ਲਗਾਤਾਰ 4 ਦਿਨ ਬੰਦ ਰੱਖਣ ਦਾ ਵੱਡਾ ਫ਼ੈਸਲਾ ਲਿਆ ਗਿਆ ਹੈ।
ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਅਧਿਕਾਰਤ ਤੌਰ 'ਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਅੰਦਰ ਆਉਂਦੀਆਂ ਲਗਭਗ 3,800 ਕੈਮਿਸਟ ਦੁਕਾਨਾਂ ਆਉਂਦੀ 12, 13, 14 ਅਤੇ 15 ਜੂਨ ਨੂੰ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਐਸੋਸੀਏਸ਼ਨ ਦੇ ਪ੍ਰਧਾਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਭੱਜ-ਦੌੜ ਤੋਂ ਬਚਣ ਲਈ ਇਨ੍ਹਾਂ ਤਰੀਕਾਂ ਤੋਂ ਪਹਿਲਾਂ ਹੀ ਆਪਣੀਆਂ ਲੋੜੀਂਦੀਆਂ ਦਵਾਈਆਂ ਖ਼ਰੀਦ ਕੇ ਸਟਾਕ ਕਰ ਲੈਣ।
ਆਮ ਲੋਕਾਂ ਦੀ ਸਹੂਲਤ ਅਤੇ ਐਮਰਜੈਂਸੀ ਹਾਲਾਤ ਨੂੰ ਦੇਖਦੇ ਹੋਏ ਐਸੋਸੀਏਸ਼ਨ ਨੇ ਇੱਕ ਵੱਡੀ ਰਾਹਤ ਵੀ ਦਿੱਤੀ ਹੈ। ਪ੍ਰਧਾਨ ਨੇ ਸਾਫ਼ ਕੀਤਾ ਕਿ ਇਹ ਫ਼ੈਸਲਾ ਸਿਰਫ਼ ਬਾਜ਼ਾਰਾਂ ਵਿੱਚ ਸਥਿਤ ਦੁਕਾਨਾਂ 'ਤੇ ਲਾਗੂ ਹੋਵੇਗਾ। ਵੱਖ-ਵੱਖ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਦੇ ਅੰਦਰ ਚੱਲਣ ਵਾਲੇ ਮੈਡੀਕਲ ਸਟੋਰਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ ਅਤੇ ਉਹ 24 ਘੰਟੇ ਆਮ ਵਾਂਗ ਖੁੱਲ੍ਹੇ ਰਹਿਣਗੇ।
ਐਸੋਸੀਏਸ਼ਨ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਸਪਤਾਲਾਂ ਦੇ ਚੱਕਰ ਕੱਟਣ ਦੀ ਬਜਾਏ ਪਹਿਲਾਂ ਤੋਂ ਹੀ ਆਪਣੀ ਤਿਆਰੀ ਰੱਖਣ। ਕਿਸੇ ਵੀ ਐਮਰਜੈਂਸੀ ਵਰਗੀ ਸਥਿਤੀ ਵਿੱਚ ਹੀ ਹਸਪਤਾਲ ਦੇ ਸਟੋਰਾਂ ਦਾ ਰੁਖ਼ ਕੀਤਾ ਜਾਵੇ ਅਤੇ ਬਿਨਾਂ ਵਜ੍ਹਾ ਆਖ਼ਰੀ ਦਿਨ (11 ਜੂਨ) ਦੀ ਭੀੜ ਦਾ ਹਿੱਸਾ ਬਣਨ ਤੋਂ ਗੁਰੇਜ਼ ਕੀਤਾ ਜਾਵੇ।
Social Plugin