
ਵਿੰਦਾਵਨ ਵਿੱਚ ਹੋਏ ਕਿਸ਼ਤੀ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਲੋਕ ਯਮੁਨਾ ਨਦੀ ਵਿੱਚ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰਦੇ ਦਿਖਾਈ ਦੇ ਰਹੇ ਹਨ। ਸਥਾਨਕ ਲੋਕ ਕਿਸ਼ਤੀਆਂ ਦੇ ਸਹਾਰੇ ਇਨ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੁਖਦਾਈ ਘਟਨਾ 'ਤੇ ਡੂੰਘਾ ਅਫ਼ਸੋਸ ਜਤਾਇਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਮਥੁਰਾ ਦੇ ਡੀਐਮ ਸੀ.ਪੀ. ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ: "ਲੁਧਿਆਣਾ ਤੋਂ ਲਗਭਗ 132 ਲੋਕ ਇੱਥੇ 'ਦਰਸ਼ਨਾਂ' ਲਈ ਆਏ ਸਨ। ਮੈਂ ਉਨ੍ਹਾਂ ਲੋਕਾਂ ਦੀ ਸੂਚੀ ਦਾ ਮਿਲਾਨ ਕਰ ਰਿਹਾ ਹਾਂ। ਉਸ ਸੂਚੀ ਵਿੱਚੋਂ ਦੋ ਜਾਂ ਤਿੰਨ ਲੋਕ ਨਹੀਂ ਮਿਲੇ ਹਨ। ਬਦਕਿਸਮਤੀ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ। ਜੋ ਲੋਕ ਬਚ ਗਏ ਹਨ, ਉਹ ਖਤਰੇ ਤੋਂ ਬਾਹਰ ਹਨ। ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਸਰਕਾਰੀ ਖਰਚੇ 'ਤੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ।"
ਚਸ਼ਮਦੀਦਾਂ ਮੁਤਾਬਕ ਤੇਜ਼ ਹਵਾਵਾਂ ਕਾਰਨ ਕਿਸ਼ਤੀ ਨਦੀ ਦੇ ਵਿਚਕਾਰ ਬੁਰੀ ਤਰ੍ਹਾਂ ਡੋਲਣ ਲੱਗੀ ਅਤੇ ਇੱਕ ਪੁਲ ਨਾਲ ਟਕਰਾ ਕੇ ਪਲਟ ਗਈ। ਇਹ ਹਾਦਸਾ ਕੇਸੀ ਘਾਟ ਨੇੜੇ ਉਦੋਂ ਵਾਪਰਿਆ ਜਦੋਂ ਕਿਸ਼ਤੀ ਡੂੰਘੇ ਪਾਣੀ ਵਿੱਚ ਜਾਣ ਤੋਂ ਬਾਅਦ ਇੱਕ ਤੈਰਦੇ ਹੋਏ ਪੋਂਟੂਨ (ਪੀਪਾ ਪੁਲ ਦਾ ਹਿੱਸਾ) ਨਾਲ ਟਕਰਾ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪੀਪਾ ਪੁਲ ਨੂੰ ਹਾਲ ਹੀ ਵਿੱਚ ਹਟਾਇਆ ਗਿਆ ਸੀ, ਜਿਸ ਕਾਰਨ ਨਦੀ ਵਿੱਚ ਕੁਝ ਪੋਂਟੂਨ ਖੁੱਲ੍ਹੇ ਰਹਿ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਨਾਲ ਟਕਰਾਉਣ ਕਾਰਨ ਕਿਸ਼ਤੀ ਪਲਟ ਗਈ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਸ ਦੁਖਦਾਈ ਹਾਦਸੇ ਦਾ ਨੋਟਿਸ ਲਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸੀਐਮ ਯੋਗੀ ਨੇ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਜ਼ਖਮੀਆਂ ਨੂੰ ਤੁਰੰਤ ਬਿਹਤਰ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਨਿਯਮਾਂ ਅਨੁਸਾਰ ਬਣਦਾ ਮੁਆਵਜ਼ਾ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ।
Social Plugin