ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਸਪੇਨ ਸਰਕਾਰ ਦੇ ਨਿਆਂ, ਧਾਰਮਿਕ ਅਤੇ ਲੋਕਤੰਤਰਿਕ ਮਾਮਲਿਆਂ ਦੇ ਮੰਤਰੀ ਰਾਮੋਨ ਏਸਪਾਦਾਲੇਰ (Ramon Espadaler) ਦੀ ਸਪੇਨ ਵਿੱਚ ਇਕ ਅਹੰਕਾਰਪੂਰਕ ਅਤੇ ਮਾਇਨੇਖੇਜ਼ ਮੁਲਾਕਾਤ ਹੋਈ। ਇਹ ਮੁਲਾਕਾਤ ਮੰਤਰੀ ਏਸਪਾਦਾਲੇਰ ਦੇ ਖਾਸ ਸੱਦੇ ’ਤੇ ਉਨ੍ਹਾਂ ਦੇ ਦਫ਼ਤਰ ਵਿੱਚ ਸੰਪੰਨ ਹੋਈ, ਜਿਸ ਦੌਰਾਨ ਯੂਰਪ ਸਮੇਤ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਨੂੰ ਦਰਪੇਸ਼ ਮੁੱਦਿਆਂ ’ਤੇ ਗੰਭੀਰ ਅਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ।
ਮੁਲਾਕਾਤ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਸਿੱਖ ਭਾਈਚਾਰੇ ਦੀ ਧਾਰਮਿਕ ਪਛਾਣ ਨਾਲ ਜੁੜੀਆਂ ਚੁਣੌਤੀਆਂ ਬਾਰੇ ਸਪਸ਼ਟ ਤੌਰ ’ਤੇ ਆਪਣੀ ਗੱਲ ਰੱਖੀ। ਉਨ੍ਹਾਂ ਦਸਤਾਰ, ਕਕਾਰਾਂ, ਧਾਰਮਿਕ ਆਜ਼ਾਦੀ, ਰੋਜ਼ਗਾਰ ਦੇ ਮੌਕਿਆਂ ਅਤੇ ਸਮਾਜਿਕ ਜੀਵਨ ਵਿੱਚ ਆ ਰਹੀਆਂ ਰੁਕਾਵਟਾਂ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਮੱਸਿਆਵਾਂ ਕਈ ਦੇਸ਼ਾਂ ਵਿੱਚ ਸਿੱਖਾਂ ਲਈ ਅਜੇ ਵੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਧਰਮ ਮਨੁੱਖੀ ਅਧਿਕਾਰਾਂ, ਬਰਾਬਰੀ ਅਤੇ ਸ਼ਾਂਤੀ ਦਾ ਪ੍ਰਚਾਰਕ ਹੈ, ਜਿਸ ਨੂੰ ਹਰ ਲੋਕਤੰਤਰਿਕ ਸਮਾਜ ਵਿੱਚ ਪੂਰਾ ਸਨਮਾਨ ਮਿਲਣਾ ਚਾਹੀਦਾ ਹੈ।
ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਸਪੇਨ ਦੇ ਨਿਆਂ ਮੰਤਰੀ ਰਾਮੋਨ ਏਸਪਾਦਾਲੇਰ ਨੇ ਗਿਆਨੀ ਰਘਬੀਰ ਸਿੰਘ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਸਪੇਨ ਵਿੱਚ ਵੱਸਦੇ ਸਿੱਖਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਸਰਕਾਰ ਵੱਲੋਂ ਗੰਭੀਰਤਾ ਨਾਲ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਪੇਨ ਸਰਕਾਰ ਧਾਰਮਿਕ ਆਜ਼ਾਦੀ, ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਪੱਕੀ ਹਮਾਇਤੀ ਹੈ ਅਤੇ ਹਰ ਧਰਮ ਦੇ ਨਾਗਰਿਕਾਂ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਵਚਨਬੱਧ ਹੈ।
ਮੁਲਾਕਾਤ ਦੇ ਅੰਤ ਵਿੱਚ ਗਿਆਨੀ ਰਘਬੀਰ ਸਿੰਘ ਨੇ ਮੰਤਰੀ ਏਸਪਾਦਾਲੇਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਪਵਿੱਤਰ ਅਸਥਾਨ ਸੇਵਾ, ਸਾਂਝ ਅਤੇ ਸਰਬੱਤ ਦੇ ਭਲੇ ਦਾ ਪ੍ਰਤੀਕ ਹੈ। ਮੰਤਰੀ ਏਸਪਾਦਾਲੇਰ ਨੇ ਇਸ ਸੱਦੇ ਨੂੰ ਸਨਮਾਨ ਨਾਲ ਸਵੀਕਾਰ ਕਰਦਿਆਂ ਭਵਿੱਖ ਵਿੱਚ ਭਾਰਤ ਆ ਕੇ ਦਰਸ਼ਨ ਕਰਨ ਦੀ ਇੱਛਾ ਵੀ ਜਤਾਈ। ਇਹ ਮੁਲਾਕਾਤ ਅੰਤਰਰਾਸ਼ਟਰੀ ਪੱਧਰ ’ਤੇ ਸਿੱਖ ਮਸਲਿਆਂ ਦੀ ਸੁਣਵਾਈ ਅਤੇ ਉਨ੍ਹਾਂ ਦੇ ਸਕਾਰਾਤਮਕ ਹੱਲ ਵੱਲ ਇੱਕ ਮਹੱਤਵਪੂਰਨ ਪਹਲ ਵਜੋਂ ਦੇਖੀ ਜਾ ਰਹੀ ਹੈ।

Social Plugin