
ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਹਾਲ ਹੀ ਦੀ ਬਾਰਿਸ਼ ਤੋਂ ਬਾਅਦ ਹੁਣ ਮੌਸਮ ਇੱਕ ਵਾਰ ਫਿਰ ਕਰਵਟ ਲੈ ਰਿਹਾ ਹੈ। ਪਹਾੜਾਂ ਵੱਲੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਸਵੇਰ ਅਤੇ ਸ਼ਾਮ ਦੀ ਗੁਲਾਬੀ ਠੰਢ ਅਜੇ ਬਰਕਰਾਰ ਹੈ, ਪਰ ਦਿਨ ਵੇਲੇ ਸੂਰਜ ਦੀਆਂ ਤੇਜ਼ ਕਿਰਨਾਂ ਤਾਪਮਾਨ ਵਿੱਚ ਲਗਾਤਾਰ ਵਾਧਾ ਕਰ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਪ੍ਰਭਾਵ ਵਧਣ ਦੀ ਪੂਰੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਤਾਪਮਾਨ ਵਿੱਚ 2 ਡਿੱਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਇਹ ਅਜੇ ਵੀ ਆਮ ਨਾਲੋਂ 2.4 ਡਿੱਗਰੀ ਘੱਟ ਬਣਿਆ ਹੋਇਆ ਹੈ। ਬੀਤੇ ਦਿਨ ਫਰੀਦਕੋਟ 33.2 ਡਿੱਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਇਲਾਕਾ ਰਿਹਾ।
ਮਾਝਾ ਅਤੇ ਦੋਆਬਾ: ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਰਗੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 28 ਤੋਂ 30 ਡਿੱਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਮਾਲਵਾ ਖੇਤਰ: ਲੁਧਿਆਣਾ, ਪਟਿਆਲਾ ਅਤੇ ਸੰਗਰੂਰ ਵਿੱਚ ਪਾਰਾ 30 ਤੋਂ 32 ਡਿੱਗਰੀ, ਜਦਕਿ ਬਠਿੰਡਾ ਤੇ ਫਾਜ਼ਿਲਕਾ ਵਿੱਚ ਇਹ 34 ਡਿੱਗਰੀ ਤੱਕ ਜਾ ਸਕਦਾ ਹੈ।
ਮੌਸਮ ਵਿਗਿਆਨੀਆਂ ਅਨੁਸਾਰ, ਉੱਤਰ-ਪੱਛਮੀ ਭਾਰਤ ਦੇ ਉੱਪਰ 12-13 ਕਿਲੋਮੀਟਰ ਦੀ ਉਚਾਈ 'ਤੇ 220 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਪ੍ਰਭਾਵ ਹੇਠ ਅਗਲੇ ਤਿੰਨ ਦਿਨਾਂ ਤੱਕ ਜ਼ਮੀਨੀ ਪੱਧਰ 'ਤੇ ਵੀ 25 ਤੋਂ 35 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।
ਇਸ ਤੋਂ ਇਲਾਵਾ, 15 ਅਪ੍ਰੈਲ ਤੋਂ ਪਹਾੜੀ ਰਾਜਾਂ (ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ) ਵਿੱਚ ਇੱਕ ਕਮਜ਼ੋਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ, ਜਿਸ ਕਾਰਨ ਉੱਚਾਈ ਵਾਲੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਜਾਂ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਪੰਜਾਬ ਵਿੱਚ 16 ਅਪ੍ਰੈਲ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ ਅਤੇ ਅਗਲੇ ਇੱਕ ਹਫ਼ਤੇ ਵਿੱਚ ਦਿਨ ਦੇ ਤਾਪਮਾਨ ਵਿੱਚ 6 ਤੋਂ 8 ਡਿੱਗਰੀ ਤੱਕ ਦਾ ਵੱਡਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ।
ਆਉਣ ਵਾਲੇ ਦਿਨਾਂ ਵਿੱਚ ਤੇਜ਼ ਧੁੱਪ ਅਤੇ ਖੁਸ਼ਕ ਹਵਾਵਾਂ ਕਾਰਨ ਪੰਜਾਬ ਵਾਸੀਆਂ ਨੂੰ ਹੁਣ ਗਰਮੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਨਿਊਨਤਮ ਤਾਪਮਾਨ ਵੀ ਹੌਲੀ-ਹੌਲੀ 12 ਤੋਂ 18 ਡਿੱਗਰੀ ਦੇ ਸਥਿਰ ਪੱਧਰ 'ਤੇ ਪਹੁੰਚ ਰਿਹਾ ਹੈ।
Social Plugin