
ਮੋਹਾਲੀ ਸਥਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਨਾਲ ਜੁੜੀ ਕੀਮਤੀ ਜ਼ਮੀਨ ਨੂੰ ਧੋਖਾਧੜੀ ਨਾਲ ਵੇਚਣ ਦਾ ਮਾਮਲਾ ਗੰਭੀਰ ਰੂਪ ਧਾਰਨ ਕਰ ਗਿਆ ਹੈ। ਪਿੰਡ ਸੈਣੀਮਾਜਰਾ (ਪ੍ਰੇਮਗੜ੍ਹ) ਵਿੱਚ ਪੈਂਦੀ ਗੁਰਦੁਆਰਾ ਸਾਹਿਬ ਦੀ 1 ਵਿਘਾ 6 ਵਿਸਬੇ 10 ਵਿਸਬਾਸੀਆਂ ਜ਼ਮੀਨ ਨੂੰ ਬਿਨਾਂ ਕਿਸੇ ਅਧਿਕਾਰਕ ਮਨਜ਼ੂਰੀ ਦੇ ਵੇਚਣ ਦੇ ਦੋਸ਼ਾਂ ਹੇਠ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਕਦਮ ਚੁੱਕੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। SGPC ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ ਵੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਦੀ ਡੂੰਘੀ ਜਾਂਚ ਲਈ SGPC ਦੇ ਪੰਜ ਮੈਂਬਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਪੂਰੇ ਮਾਮਲੇ ਦੀ ਵਿਸਥਾਰ ਨਾਲ ਪੜਤਾਲ ਕਰੇਗੀ। ਇਸ ਦੇ ਨਾਲ-ਨਾਲ ਜ਼ਮੀਨ ਦੀ ਕੀਤੀ ਗਈ ਰਜਿਸਟਰੀ ਨੂੰ ਰੱਦ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ ਸਥਿਤ ਉਪ-ਦਫ਼ਤਰ ਵਿੱਚ ਪ੍ਰੈਸ ਵਾਰਤਾ ਦੌਰਾਨ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਘਰ ਦੀ ਕੋਈ ਵੀ ਜਾਇਦਾਦ ਕਿਸੇ ਇਕ ਅਧਿਕਾਰੀ ਜਾਂ ਮੈਨੇਜਰ ਦੇ ਅਧਿਕਾਰ ਹੇਠ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸੰਪਤੀ ਦੀ ਖਰੀਦ-ਫ਼ਰੋਖ਼ਤ ਸਿਰਫ਼ ਨਿਯਮਾਂ ਅਨੁਸਾਰ ਅੰਤ੍ਰਿੰਗ ਕਮੇਟੀ ਦੀ ਮਨਜ਼ੂਰੀ ਅਤੇ ਜਾਇਦਾਦ ਸਬ-ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਹੀ ਹੋ ਸਕਦੀ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੈਨੇਜਰ ਰਜਿੰਦਰ ਸਿੰਘ ਨੇ ਦਫ਼ਤਰ ਦੇ ਲੈਟਰਪੈਡ ’ਤੇ ਜਾਹਲੀ ਚਿੱਠੀ ਤਿਆਰ ਕਰਕੇ ਆਪਣੇ ਆਪ ਨੂੰ ਅਧਿਕਾਰ ਪ੍ਰਾਪਤ ਦਰਸਾਇਆ। ਇਸ ਦੇ ਆਧਾਰ ’ਤੇ ਉਸ ਨੇ 4 ਖਰੀਦਦਾਰਾਂ ਨੂੰ ਜ਼ਮੀਨ ਵੇਚ ਕੇ 1 ਕਰੋੜ 32 ਲੱਖ ਰੁਪਏ ਦੇ ਚੈੱਕ ਲਏ, ਜੋ ਉਸ ਨੇ ਆਪਣੇ ਨਿੱਜੀ ਖਾਤੇ ਵਿੱਚ ਜਮ੍ਹਾਂ ਕਰਵਾ ਲਏ। ਇਸ ਤੋਂ ਇਲਾਵਾ ਹੋਰ ਵੱਡੀ ਰਕਮ ਲੈਣ ਦੇ ਸੰਕੇਤ ਵੀ ਮਿਲੇ ਹਨ, ਜਿਸ ਦੀ ਜਾਂਚ ਜਾਰੀ ਹੈ।
SGPC ਪ੍ਰਧਾਨ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਘਰਾਂ ਦੀ ਅਮਾਨਤ ਨਾਲ ਖਿਡਾਰੀ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾ ਤਾਂ ਇਸ ਜ਼ਮੀਨ ਦੀ ਵਿਕਰੀ ਲਈ ਕੋਈ ਫ਼ਾਈਲ ਚੱਲ ਰਹੀ ਸੀ ਅਤੇ ਨਾ ਹੀ ਕੋਈ ਮਨਜ਼ੂਰੀ ਦਿੱਤੀ ਗਈ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਪ੍ਰਾਥਮਿਕਤਾ ਹਮੇਸ਼ਾ ਗੁਰੂ ਘਰਾਂ ਦੀ ਜਾਇਦਾਦ ਵਿੱਚ ਵਾਧਾ ਕਰਨ ਦੀ ਰਹੀ ਹੈ ਅਤੇ ਇਸੇ ਤਹਿਤ ਕਈ ਨਵੀਆਂ ਜ਼ਮੀਨਾਂ ਖਰੀਦੀਆਂ ਗਈਆਂ ਹਨ। ਆਖ਼ਰ ਵਿੱਚ, ਉਨ੍ਹਾਂ SGPC ਦੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਮਾਨਦਾਰੀ ਨਾਲ ਸੇਵਾ ਨਿਭਾਉਣ ਦੀ ਸਖ਼ਤ ਹਦਾਇਤ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਲਈ ਕਿਸੇ ਨੂੰ ਵੀ ਛੂਟ ਨਹੀਂ ਮਿਲੇਗੀ।
Social Plugin