
ਸਮਾਣਾ ਨੇੜਲੇ ਪਿੰਡ ਸਧਾਨਪੁਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਖੇਤਾਂ ਵਿੱਚ ਮਟਰ ਤੋੜਣ ਗਈ 16 ਸਾਲਾ ਨਾਬਾਲਗ ਲੜਕੀ ਦੀ ਤਬੀਅਤ ਕੱਚੇ ਮਟਰ ਖਾਣ ਤੋਂ ਬਾਅਦ ਅਚਾਨਕ ਵਿਗੜ ਗਈ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਪ੍ਰਾਚੀ (16) ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਨਾਲ ਖੇਤੀਬਾੜੀ ਮਜ਼ਦੂਰੀ ਕਰਦੀ ਸੀ। ਪਰਿਵਾਰਕ ਬਿਆਨਾਂ ਮੁਤਾਬਕ 10 ਫਰਵਰੀ ਨੂੰ ਪ੍ਰਾਚੀ ਆਪਣੀ ਮਾਂ ਬਲਜੀਤ ਕੌਰ ਅਤੇ ਹੋਰ ਮਹਿਲਾਵਾਂ ਨਾਲ ਖੇਤਾਂ ਵਿੱਚ ਮਟਰ ਤੋੜਨ ਗਈ ਸੀ। ਇਸ ਦੌਰਾਨ ਉਸ ਨੇ ਵੱਡੀ ਮਾਤਰਾ ਵਿੱਚ ਕੱਚੇ ਮਟਰ ਖਾ ਲਏ, ਜਿਸ ਤੋਂ ਕੁਝ ਸਮੇਂ ਬਾਅਦ ਉਸ ਨੂੰ ਉਲਟੀਆਂ ਆਉਣ ਲੱਗੀਆਂ ਅਤੇ ਹਾਲਤ ਤੇਜ਼ੀ ਨਾਲ ਨਾਜ਼ੁਕ ਹੋ ਗਈ।
ਪਰਿਵਾਰ ਵੱਲੋਂ ਪਹਿਲਾਂ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਫਿਰ ਗੰਭੀਰ ਹਾਲਤ ਦੇ ਚਲਦਿਆਂ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਡਾਕਟਰਾਂ ਨੇ ਹਾਲਤ ਹੋਰ ਗੰਭੀਰ ਦੇਖਦੇ ਹੋਏ ਉਸ ਨੂੰ PGIMER Chandigarh ਰੈਫਰ ਕਰ ਦਿੱਤਾ, ਪਰ ਇਲਾਜ ਦੌਰਾਨ ਉਸਦੀ ਜਾਨ ਨਾ ਬਚ ਸਕੀ।
ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਖੇਤਾਂ ਵਿੱਚ ਕੀਤੇ ਪੈਸਟਿਸਾਈਡ ਛਿੜਕਾਅ ਜਾਂ ਕਿਸੇ ਜ਼ਹਿਰੀਲੇ ਕੀੜੇ ਦੇ ਸੰਪਰਕ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਪ੍ਰਾਚੀ ਦੇ ਪਿਤਾ ਜਸਵੰਤ ਸਿੰਘ ਨੇ ਵੀ ਮਟਰ ਖਾਧੇ ਸਨ, ਪਰ ਉਲਟੀਆਂ ਆਉਣ ਤੋਂ ਬਾਅਦ ਉਹ ਠੀਕ ਹੋ ਗਏ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਬਾਰੇ ਸਪਸ਼ਟਤਾ ਆਉਣ ਦੀ ਉਮੀਦ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਗਹਿਰਾ ਸੋਗ ਛਾ ਗਿਆ ਹੈ।
ਡਾਕਟਰਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਖੇਤਾਂ ਵਿੱਚੋਂ ਤੋੜੀਆਂ ਫਲ-ਸਬਜ਼ੀਆਂ ਬਿਨਾਂ ਚੰਗੀ ਤਰ੍ਹਾਂ ਧੋਏ ਨਾ ਖਾਈਆਂ ਜਾਣ, ਖ਼ਾਸ ਕਰਕੇ ਜਿੱਥੇ ਪੈਸਟਿਸਾਈਡ ਦੀ ਵਰਤੋਂ ਕੀਤੀ ਗਈ ਹੋਵੇ।
Social Plugin