
ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਲਗਭਗ ਡੇਢ ਕਿਲੋ ਹੈਰੋਇਨ (ਚਿੱਟਾ) ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਜਯੋਤੀ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ ਨਸ਼ਿਆਂ ਖਿਲਾਫ ਚਲ ਰਹੇ ਵਿਸ਼ੇਸ਼ ਅਭਿਆਨ ਦੌਰਾਨ ਕੀਤੀ ਗਈ।
ਉਨ੍ਹਾਂ ਮੁਤਾਬਕ ਥਾਣਾ ਸਿਵਲ ਲਾਈਨ ਦੀ ਪੁਲਿਸ ਟੀਮ ਭੱਟੀ ਰੋਡ ਨੇੜੇ ਬਰਨਾਲਾ ਬਾਈਪਾਸ ਸਲਿੱਪ ਰੋਡ ‘ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ, ਜਿਸ ਦੀ ਪਛਾਣ ਰਾਜਾ ਪੁੱਤਰ ਇੰਦਰਜੀਤ ਵਾਸੀ ਹਰਦੇਵ ਨਗਰ ਵਜੋਂ ਹੋਈ, ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਚੈਕਿੰਗ ਕੀਤੀ ਗਈ। ਤਲਾਸ਼ੀ ਦੌਰਾਨ ਉਸ ਕੋਲੋਂ 1 ਕਿਲੋ 507 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ ਪਰ ਪਿਛਲੇ ਕਰੀਬ 10–15 ਸਾਲਾਂ ਤੋਂ ਬਠਿੰਡਾ ਦੇ ਹਰਦੇਵ ਨਗਰ ਵਿੱਚ ਰਹਿ ਰਿਹਾ ਹੈ। ਪੁਲਿਸ ਨੇ ਉਸ ਖ਼ਿਲਾਫ ਥਾਣਾ ਸਿਵਲ ਲਾਈਨ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਉਸਦੇ ਪਿੱਛਲੇ ਅਤੇ ਅੱਗੇ ਦੇ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਨਸ਼ਾ ਕਿੱਥੋਂ ਲਿਆਂਦਾ ਗਿਆ ਅਤੇ ਕਿੱਥੇ ਸਪਲਾਈ ਕੀਤਾ ਜਾਣਾ ਸੀ।
ਐਸਐਸਪੀ ਨੇ ਕਿਹਾ ਕਿ ਅਦਾਲਤ ਤੋਂ ਰਿਮਾਂਡ ਲੈ ਕੇ ਮੁਲਜ਼ਮ ਨਾਲ ਹੋਰ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਹੈ।
Social Plugin