ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਸੰਗਠਨਾਤਮਕ ਮਜ਼ਬੂਤੀ ਵੱਲ ਇਕ ਹੋਰ ਕਦਮ ਚੁੱਕਦੇ ਹੋਏ ਉਦਯੋਗ ਅਤੇ ਵਪਾਰ ਵਿੰਗ ਦੀ ਕੋਰ ਕਮੇਟੀ ਦਾ ਸਰਕਾਰੀ ਤੌਰ ’ਤੇ ਐਲਾਨ ਕਰ ਦਿੱਤਾ ਹੈ। ਇਹ ਐਲਾਨ ਵਿੰਗ ਦੇ ਪ੍ਰਧਾਨ ਅਤੇ ਪਾਰਟੀ ਦੇ ਖ਼ਜ਼ਾਨਚੀ ਐਨ. ਕੇ. ਸ਼ਰਮਾ ਨਾਲ ਵਿਸਥਾਰਪੂਰਵਕ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਸਾਂਝੀ ਕਰਦਿਆਂ ਐਨ. ਕੇ. ਸ਼ਰਮਾ ਨੇ ਦੱਸਿਆ ਕਿ ਨਵੀਂ ਤਰ੍ਹਾਂ ਗਠਿਤ ਕੀਤੀ ਜਾ ਰਹੀ ਉਦਯੋਗ ਅਤੇ ਵਪਾਰ ਵਿੰਗ ਦੀ ਕੋਰ ਕਮੇਟੀ ਵਿੱਚ ਉਹਨਾਂ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਕੋਲ ਉਦਯੋਗਿਕ ਅਤੇ ਵਪਾਰਕ ਖੇਤਰ ਦਾ ਲੰਮਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਇਹ ਟੀਮ ਪੰਜਾਬ ਦੇ ਉਦਯੋਗ ਅਤੇ ਵਪਾਰ ਨਾਲ ਜੁੜੇ ਮੁੱਦਿਆਂ ਨੂੰ ਪਾਰਟੀ ਦੇ ਮੰਚ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਨਵੀਂ ਕੋਰ ਕਮੇਟੀ ਵਿੱਚ ਐਡਵੋਕੇਟ ਹਰੀਸ਼ ਰਾਏ ਢਾਂਡਾ (ਸਾਬਕਾ ਵਿਧਾਇਕ), ਅਮਿਤ ਕਪੂਰ (ਅੰਮ੍ਰਿਤਸਰ), ਕਮਲ ਚੇਤਲੀ ਅਤੇ ਆਰ.ਡੀ. ਸ਼ਰਮਾ (ਲੁਧਿਆਣਾ), ਰਜਿੰਦਰ ਸਿੰਘ ਮਰਵਾਹਾ (ਅੰਮ੍ਰਿਤਸਰ), ਪ੍ਰੇਮ ਕੁਮਾਰ ਅਰੋੜਾ (ਮਾਨਸਾ), ਰਣਜੀਤ ਸਿੰਘ ਖੁਰਾਣਾ (ਫਗਵਾੜਾ), ਗੁਰਮੀਤ ਸਿੰਘ ਕੁਲਾਰ (ਲੁਧਿਆਣਾ), ਸੰਜੀਵ ਸ਼ੌਰੀ (ਬਰਨਾਲਾ), ਸੰਜੀਵ ਤਲਵਾੜ (ਹੁਸ਼ਿਆਰਪੁਰ), ਪਰਮਜੀਤ ਸਿੰਘ ਮੱਕੜ (ਰੋਪੜ), ਹਰਜੀਤ ਸਿੰਘ ਸੀ.ਏ. (ਮੋਹਾਲੀ), ਐਡਵੋਕੇਟ ਪਰਮਵੀਰ ਸਿੰਘ ਸੰਨੀ ਅਤੇ ਪ੍ਰੇਮ ਵਲੈਚਾ (ਜਲਾਲਾਬਾਦ) ਦੇ ਨਾਮ ਸ਼ਾਮਲ ਹਨ।
ਪਾਰਟੀ ਆਗੂਆਂ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਇਹ ਕੋਰ ਕਮੇਟੀ ਉਦਯੋਗਪਤੀਆਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾਏਗੀ।

Social Plugin