ਲੁਧਿਆਣਾ ਵਿੱਚ ਪੁਲਿਸ ਹਿਰਾਸਤ ਦੌਰਾਨ ਲੁੱਟਖੋਹ ਦੇ ਇੱਕ ਆਰੋਪੀ ਦੇ ਫਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਖੜੇ ਹੋ ਗਏ ਹਨ। ਇਹ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਹੁਣ ਸਾਹਮਣੇ ਆ ਚੁੱਕੀ ਹੈ।
ਫਰਾਰ ਹੋਏ ਆਰੋਪੀ ਦੀ ਪਛਾਣ ਸੰਤੋਸ਼ ਕੁਮਾਰ ਵਜੋਂ ਹੋਈ ਹੈ, ਜੋ ਮਾਜਰੀ ਮੁਹੱਲਾ, ਖਾਲਸਾ ਸਕੂਲ ਰੋਡ, ਖੰਨਾ ਦਾ ਵਸਨੀਕ ਹੈ। ਸੰਤੋਸ਼ ਕੁਮਾਰ ਖਿਲਾਫ 7 ਜੁਲਾਈ 2025 ਨੂੰ ਜਮਾਲਪੁਰ ਪੁਲਿਸ ਸਟੇਸ਼ਨ, ਲੁਧਿਆਣਾ ਵਿੱਚ ਲੁੱਟਖੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਬੁੱਧਵਾਰ 31 ਦਸੰਬਰ ਨੂੰ ਲੁਧਿਆਣਾ ਪੁਲਿਸ ਦੀ ਇੱਕ ਟੀਮ, ਜਿਸ ਦੀ ਅਗਵਾਈ ਏਐਸਆਈ ਪਲਵਿੰਦਰ ਪਾਲ ਸਿੰਘ ਕਰ ਰਹੇ ਸਨ, ਆਰੋਪੀ ਨੂੰ ਲੁੱਟਖੋਹ ਵਿੱਚ ਵਰਤੀ ਗਈ ਮੋਟਰਸਾਈਕਲ ਦੀ ਬਰਾਮਦਗੀ ਲਈ ਖੰਨਾ ਲੈ ਕੇ ਗਈ ਸੀ। ਬਰਾਮਦਗੀ ਮਗਰੋਂ ਜਦੋਂ ਟੀਮ ਆਰੋਪੀ ਨੂੰ ਵਾਪਸ ਲੁਧਿਆਣਾ ਲੈ ਜਾ ਰਹੀ ਸੀ, ਤਾਂ ਰਸਤੇ ਵਿੱਚ ਗੱਡੀ ਇੱਕ ਪੈਟਰੋਲ ਪੰਪ ‘ਤੇ ਰੋਕੀ ਗਈ।
ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਪਿਸ਼ਾਬ ਕਰਨ ਲਈ ਗੱਡੀ ਤੋਂ ਬਾਹਰ ਚਲੇ ਗਏ, ਜਦਕਿ ਇੱਕ ਮੁਲਾਜ਼ਮ ਡਰਾਈਵਰ ਸੀਟ ‘ਤੇ ਹੀ ਬੈਠਾ ਰਿਹਾ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਪਿਛਲੀ ਸੀਟ ‘ਤੇ ਬੈਠੇ ਆਰੋਪੀ ਸੰਤੋਸ਼ ਕੁਮਾਰ ਨੇ ਟਾਕੀ ਖੋਲ੍ਹੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਜਦੋਂ ਡਰਾਈਵਰ ਸੀਟ ‘ਤੇ ਬੈਠੇ ਪੁਲਿਸ ਮੁਲਾਜ਼ਮ ਨੂੰ ਆਰੋਪੀ ਦੇ ਭੱਜਣ ਦੀ ਜਾਣਕਾਰੀ ਮਿਲੀ, ਤਾਂ ਉਸਨੇ ਤੁਰੰਤ ਗੱਡੀ ਤੋਂ ਉਤਰ ਕੇ ਉਸਦਾ ਪਿੱਛਾ ਕੀਤਾ। ਹਾਲਾਂਕਿ ਦੌੜਦੇ ਸਮੇਂ ਉਹ ਕੁਝ ਦੂਰੀ ‘ਤੇ ਡਿੱਗ ਪਿਆ ਅਤੇ ਆਰੋਪੀ ਭੱਜਣ ਵਿੱਚ ਕਾਮਯਾਬ ਹੋ ਗਿਆ। ਜਦੋਂ ਤੱਕ ਹੋਰ ਦੋ ਪੁਲਿਸ ਕਰਮਚਾਰੀ ਵਾਪਸ ਮੌਕੇ ‘ਤੇ ਪਹੁੰਚੇ, ਤਦ ਤੱਕ ਦੋਸ਼ੀ ਫਰਾਰ ਹੋ ਚੁੱਕਾ ਸੀ।
ਘਟਨਾ ਦੀ ਸੂਚਨਾ ਤੁਰੰਤ ਖੰਨਾ ਪੁਲਿਸ ਨੂੰ ਦਿੱਤੀ ਗਈ। ਏਐਸਆਈ ਪਲਵਿੰਦਰ ਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਖੰਨਾ ਸਿਟੀ ਪੁਲਿਸ ਸਟੇਸ਼ਨ ਨੰਬਰ 2 ਵਿੱਚ ਸੰਤੋਸ਼ ਕੁਮਾਰ ਖਿਲਾਫ ਪੁਲਿਸ ਹਿਰਾਸਤ ਤੋਂ ਭੱਜਣ ਦਾ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ।
ਫਿਲਹਾਲ ਲੁਧਿਆਣਾ ਅਤੇ ਖੰਨਾ ਪੁਲਿਸ ਦੀਆਂ ਸਾਂਝੀਆਂ ਟੀਮਾਂ ਆਰੋਪੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਸੰਤੋਸ਼ ਕੁਮਾਰ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਦੀ ਅੰਦਰੂਨੀ ਜਾਂਚ ਵੀ ਕੀਤੀ ਜਾ ਰਹੀ ਹੈ।

Social Plugin