Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਪੰਜਾਬ ਸਰਕਾਰ ਵੱਲੋਂ ਸੂਬੇ 'ਚ ਸੜਕ ਹਾਦਸਿਆਂ 'ਚ ਕਮੀ ਲਿਆਉਣ ਅਤੇ ਆਮ ਲੋਕਾਂ 'ਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਰਾਸ਼ਟਰੀ ਸੜਕ ਸੁਰੱਖਿਆ...

 


ਚੰਡੀਗੜ੍ਹ, 1 ਜਨਵਰੀ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਅਤੇ ਆਮ ਲੋਕਾਂ ਵਿੱਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2026 ਦੀ ਸ਼ੁਰੂਆਤ ਕੀਤੀ ਗਈ ਹੈ। 

ਅੱਜ ਇੱਥੇ ਕਿਸਾਨ ਭਵਨ ਵਿਖੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੰਤਰੀ ਨੇ ਕਿਹਾ ਕਿ ਸੜਕ ਹਾਦਸੇ ਸਿਰਫ਼ ਅੰਕੜਿਆਂ ਤੱਕ ਸੀਮਿਤ ਨਹੀਂ ਹੁੰਦੇ, ਸਗੋਂ ਇਹ ਅਨੇਕਾਂ ਪਰਿਵਾਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਕੀਮਤੀ ਮਨੁੱਖੀ ਜਾਨਾਂ ਦੇ ਨੁਕਸਾਨ ਨਾਲ ਜੁੜੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਸਮਾਜ ਦੇ ਹਰ ਨਾਗਰਿਕ ਦੀ ਵੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ, ਪ੍ਰਸ਼ਾਸਨ ਅਤੇ ਆਮ ਜਨਤਾ ਮਿਲ ਕੇ ਕੰਮ ਨਹੀਂ ਕਰਦੇ, ਤਦ ਤੱਕ ਸੜਕ ਹਾਦਸਿਆਂ ਵਿੱਚ ਕਮੀ ਸੰਭਵ ਨਹੀਂ ਹੈ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ (ਐਨ.ਆਰ.ਐਸ.ਐਮ.26)  ਦੌਰਾਨ ਪੰਜਾਬ ਭਰ ਵਿੱਚ ਵਿਸਤ੍ਰਿਤ ਅਤੇ ਬਹੁ-ਪੱਖੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ। ਇਸ ਅਧੀਨ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਸੰਬੰਧੀ ਸੈਮੀਨਾਰ, ਪੋਸਟਰ ਅਤੇ ਸਲੋਗਨ ਮੁਕਾਬਲੇ, ਕਿਊਜ਼ ਪ੍ਰੋਗਰਾਮ ਅਤੇ ਇੰਟਰਐਕਟਿਵ ਸੈਸ਼ਨਕਰਵਾਏ ਜਾਣਗੇ, ਤਾਂ ਜੋ ਨੌਜਵਾਨ ਵਰਗ ਨੂੰ ਛੋਟੀ ਉਮਰ ਤੋਂ ਹੀ ਟ੍ਰੈਫਿਕ ਨਿਯਮਾਂ ਦੀਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਲਿਆਉਣ ਲਈ ਵਪਾਰਕ ਅਤੇ ਨਿੱਜੀ ਡਰਾਈਵਰਾਂ ਲਈ ਵਿਸ਼ੇਸ਼ ਟ੍ਰੇਨਿੰਗ ਸੈਸ਼ਨ, ਹੈਵੀ ਵਾਹਨਾਂ ਦੇ ਚਾਲਕਾਂ ਲਈ ਰਿਫ੍ਰੈਸ਼ਰ ਕੋਰਸ, ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੈਲਮਟ ਅਤੇ ਸੀਟ ਬੈਲਟ ਦੀ ਲਾਜ਼ਮੀ ਵਰਤੋਂ, ਮੋਬਾਈਲ ਫੋਨ ਦੀ ਵਰਤੋਂ ਕਰਕੇ ਡਰਾਈਵਿੰਗ ਨਾ ਕਰਨ, ਤੇਜ਼ ਰਫ਼ਤਾਰ ਅਤੇ ਗਲਤ ਪਾਸੇ ਵਾਹਨ ਚਲਾਉਣ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ (ਐਨ.ਆਰ.ਐਸ.ਐਮ.26) ਦੌਰਾਨ ਸੂਬੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਅਤੇ ਚੈਕਿੰਗ ਮੁਹਿੰਮਾਂ ਚਲਾਈਆਂ ਜਾਣਗੀਆਂ। ਇਸਦੇ ਨਾਲ-ਨਾਲ ਪਿਛਲੇ ਸਾਲਾਂ ਦੇ ਅੰਕੜਿਆਂ ਦੇਆਧਾਰ ਤੇ ਪਛਾਣੇ ਗਏ ਬਲੈਕ ਸਪਾਟਸ ’ਤੇ ਇੰਜੀਨੀਅਰਿੰਗ ਸੁਧਾਰ, ਸੰਕੇਤਕ ਚਿੰਨ੍ਹ(ਸਾਈਨੇਜ),  ਸਪੀਡ ਸਾਈਨ ਬੋਰਡ ਆਦਿ ਦੇ ਪ੍ਰਬੰਧ ਕੀਤੇ ਜਾਣਗੇ।

ਮੰਤਰੀ ਨੇ ਸਾਰੇ ਸਬੰਧਤ ਵਿਭਾਗਾਂ, ਜ਼ਿਲ੍ਹਾ ਪ੍ਰਸ਼ਾਸਨਾਂ, ਸਿੱਖਿਆ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ, ਉਦਯੋਗਿਕ ਇਕਾਈਆਂ ਅਤੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ–2026 ਦੀ ਸਫ਼ਲਤਾ ਲਈ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸੜਕ ਸੁਰੱਖਿਆ ਨਾਲ ਸੰਬੰਧਿਤ ਸਾਰੀਆਂ ਨਿਰਧਾਰਤ ਗਤੀਵਿਧੀਆਂ ਦੀ ਸਮੇਂ-ਸਿਰ, ਪ੍ਰਭਾਵਸ਼ਾਲੀ ਅਤੇ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਵਿਭਾਗਾਂ ਦਰਮਿਆਨ ਆਪਸੀ ਤਾਲਮੇਲ ਹੋਰ ਮਜ਼ਬੂਤ ਕੀਤਾ ਜਾਵੇ।

ਟਰਾਂਸਪੋਰਟ ਮੰਤਰੀ ਨੇ ਦੁਹਰਾਇਆ ਕਿ ਸੜਕ ਸੁਰੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਹ ਸਿਰਫ਼ ਟ੍ਰੈਫ਼ਿਕ ਪੁਲਿਸ ਜਾਂ ਟਰਾਂਸਪੋਰਟ ਵਿਭਾਗ ਤੱਕ ਸੀਮਿਤ ਨਹੀਂ। ਉਨ੍ਹਾਂ ਨੇ ਜਨਤਾ ਵਿੱਚ ਸੁਰੱਖਿਅਤ ਸੜਕ ਵਿਹਾਰ ਪੈਦਾ ਕਰਨ ਲਈ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਤੋਂ ਬਾਅਦ ਰਾਜ ਅਤੇ ਰਾਸ਼ਟਰੀ ਮਾਰਗਾਂ ਦੋਵਾਂ ‘ਤੇ ਮੌਤਾਂ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਮ ਜਨਤਾ ਨੂੰ ਧੁੰਦ ਦੇ ਮੌਸਮ ਦੌਰਾਨ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਘੱਟ ਦਿੱਖ ਵਾਲੀਆਂ ਸਥਿਤੀਆਂ ਵਿੱਚ ਬਹੁਤ ਸਾਵਧਾਨੀ ਅਤੇ ਸੰਯਮ ਨਾਲ ਯਾਤਰਾ ਕਰਨ ਦੀ ਸਲਾਹ ਦਿੱਤੀ।

ਲੀਡ ਏਜੰਸੀ (ਰੋਡ ਸੇਫਟੀ), ਪੰਜਾਬ ਵੱਲੋਂ ਟਰਾਂਸਪੋਰਟ ਵਿਭਾਗ, ਟ੍ਰੈਫਿਕ ਪੁਲਿਸ, ਸਿਹਤ ਵਿਭਾਗ, ਲੋਕ ਨਿਰਮਾਣ ਵਿਭਾਗ, ਸਿੱਖਿਆ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਮਹੀਨੇ ਭਰ ਚੱਲਣ ਵਾਲੀਆਂ ਗਤੀਵਿਧੀਆਂ ਦੀ ਇੱਕ ਵਿਸਥਾਰਤ ਕਾਰਵਾਈ ਯੋਜਨਾ ਤਿਆਰ ਕੀਤੀ ਗਈ ਹੈ, ਤਾਂ ਜੋ ਸੜਕ ਸੁਰੱਖਿਆ ਦਾਸੰਦੇਸ਼ ਸਮਾਜ ਦੇ ਹਰ ਵਰਗ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕੇ।

ਕਾਰਵਾਈ ਦੌਰਾਨ ਸ਼੍ਰੀ ਆਰ. ਵੇਂਕਟ ਰਤਨਮ, ਡਾਇਰੈਕਟਰ ਜਨਰਲ, ਲੀਡ ਏਜੰਸੀ ਆਨ ਰੋਡ ਸੇਫ਼ਟੀ, ਪੰਜਾਬ ਨੇ ਦੱਸਿਆ ਕਿ ਹਰ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ (ਡੀ.ਆਰ.ਐਸ.ਸੀ.) ਨੂੰ ਸੀ.ਐਫ.ਡੀ.ਐਲ. ਸਕੀਮ ਤਹਿਤ ਪ੍ਰਤੀ ਜ਼ਿਲ੍ਹਾ ₹9.50 ਲੱਖ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਵਿੱਚੋਂ₹1 ਲੱਖ ਰਕਮ ਸ਼ਰਾਬ ਪੀ ਕੇ ਗੱਡੀ ਚਲਾਉਣ ਖ਼ਿਲਾਫ਼ ਇਨਫੋਰਸਮੈਂਟ ਮਜ਼ਬੂਤ ਕਰਨ ਲਈ ਐਲਕੋਮੀਟਰ ਖਰੀਦਣ ਲਈ ਨਿਰਧਾਰਤ ਅਤੇ ਵਰਤੀ ਗਈ ਹੈ, ਖ਼ਾਸ ਕਰਕੇ ਵਪਾਰਕ ਅਤੇ ਵਿਸ਼ੇਸ਼ ਸ਼੍ਰੇਣੀ ਦੇ ਡਰਾਈਵਰਾਂ ਦੀ ਜਾਂਚ ਲਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਧੁੰਦ ਦੇ ਮੌਸਮ ਦੌਰਾਨ ਸੜਕ ਹਾਦਸਿਆਂ ਦੇ ਵਧੇ ਹੋਏ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ, ਸੜਕਾਂ ਦੇ ਮਾਲਕ ਵਿਭਾਗਾਂ ਨੂੰ ਸਟ੍ਰੀਟ ਲਾਈਟਾਂ ਦੀ ਸਥਾਪਨਾ/ਮੁਰੰਮਤ, ਰੋਡ ਮਾਰਕਿੰਗਜ਼ ਅਤੇ ਹੋਰ ਟ੍ਰੈਫ਼ਿਕ ਸੁਰੱਖਿਆ ਉਪਾਇਆ ਲਈ ਤੁਰੰਤ ਅਧਾਰ ‘ਤੇ ਗ੍ਰਾਂਟਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਵਿਸਥਾਰਤ ਸੂਚੀ 09 ਦਸੰਬਰ, 2025 ਅਤੇ 30 ਦਸੰਬਰ, 2025 ਨੂੰ ਹੋਈਆਂ ਮੀਟਿੰਗਾਂ ਵਿੱਚ ਅੰਤਿਮ ਕੀਤੀ ਜਾ ਚੁੱਕੀ ਹੈ ਅਤੇ ਇਸ ਨੂੰ ਸਾਰੇ ਸੰਬੰਧਤ ਵਿਭਾਗਾਂ, ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਸੁਪਰਟੈਂਡੈਂਟ ਆਫ਼ ਪੁਲਿਸ ਨੂੰ ਲਾਗੂ ਕਰਨ ਲਈ ਭੇਜ ਦਿੱਤਾ ਗਿਆ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਟ੍ਰੈਫ਼ਿਕ) ਅਮਰਦੀਪ ਸਿੰਘ ਰਾਏ ਨੇ ਟ੍ਰੈਫ਼ਿਕ ਉਲੰਘਣਾਂ ਪ੍ਰਤੀ ਜ਼ੀਰੋ ਟੋਲਰੈਂਸ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਸਖ਼ਤ ਇਨਫੋਰਸਮੈਂਟ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੂਬੇ ਵਿੱਚ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ) ਦੀ ਸਥਾਪਨਾ ਨਾਲ ਹੋਏ ਮਹੱਤਵਪੂਰਨ ਸਕਾਰਾਤਮਕ ਪ੍ਰਭਾਵਾਂ ਬਾਰੇ ਦੱਸਿਆ, ਜੋ ਇਸ ਵੇਲੇ ਰੋਜ਼ਾਨਾ ਲਗਭਗ 4,000 ਕਿਲੋਮੀਟਰ ਰਾਸ਼ਟਰੀ ਅਤੇ ਰਾਜ ਮਾਰਗਾਂ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐਸ.ਐਸ.ਐਫ. ਦੀ ਸ਼ੁਰੂਆਤ ਨਾਲ ਇਨ੍ਹਾਂ ਮਾਰਗਾਂ ‘ਤੇ ਮੌਤਾਂ ਵਿੱਚ ਲਗਭਗ 50 ਫੀਸਦੀ

ਦੀ ਕਮੀ ਆਈ ਹੈ, ਜਿਸ ਨਾਲ ਪੰਜਾਬ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਵਿੱਚ ਵੱਡੀ ਘਟੌਤ ਦੀ ਉਮੀਦ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਖ਼ਾਸ ਇਨਫੋਰਸਮੈਂਟ ਮੁਹਿੰਮਾਂ ਸ਼ਰਾਬ ਪੀ ਕੇ ਗੱਡੀ ਚਲਾਉਣ, ਓਵਰ-ਸਪੀਡਿੰਗ, ਲੇਨ ਅਨੁਸ਼ਾਸਨ ਅਤੇ ਹੋਰ ਗੰਭੀਰ ਉਲੰਘਣਾਂ ‘ਤੇ ਕੇਂਦਰਿਤ ਰਹਿਣਗੀਆਂ।

ਸਟੇਟ ਟਰਾਂਸਪੋਰਟ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ  ਇਸ ਮ ਕੇ ਦੱਸਿਆ ਕਿ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਸੁਧਾਰਿਆ ਗਿਆ ਹੈ, ਜਿਸ ਨਾਲ ਟੈਸਟਿੰਗ ਪ੍ਰਕਿਰਿਆ ਹੋਰ ਸਖ਼ਤ ਅਤੇ ਪਾਰਦਰਸ਼ੀ ਬਣੀ ਹੈ। ਇਸ ਕਾਰਨ ਰਾਜ ਭਰ ਵਿੱਚ ਡ੍ਰਾਈਵਿੰਗ ਲਾਇਸੈਂਸ ਪਾਸ ਦਰ ਵਿੱਚ ਕਾਫ਼ੀ ਕਮੀ ਆਈ ਹੈ ਅਤੇ ਡ੍ਰਾਈਵਿੰਗ ਮਿਆਰਾਂ ਵਿੱਚ ਸੁਧਾਰ ਯਕੀਨੀ ਬਣਿਆ ਹੈ।

ਇਸ ਦੌਰਾਨ ਜਾਗਰੂਕਤਾ ਗਤੀਵਿਧੀਆਂ ਦੇ ਤਹਿਤ ਐਸ.ਏ.ਐਸ ਨਗਰ (ਮੋਹਾਲੀ)ਦੇ ਬੈਸਟੈਕ ਮਾਲ ਨੇੜੇ ਲਗਭਗ 200 ਡਿਲਿਵਰੀ ਕਰਮਚਾਰੀਆਂ (ਜ਼ੋਮੈਟੋ. ਸਵਿਗੀ, ਬਲਿੰਕਿਟ ਆਦਿ) ਦੀ ਇੱਕ ਮੋਟਰਸਾਈਕਲ ਰੈਲੀ ਆਯੋਜਿਤ ਕੀਤੀ ਗਈ। ਇਸ ਦੌਰਾਨ ਭਾਗੀਦਾਰਾਂ ਨੂੰ ਸੜਕ ਸੁਰੱਖਿਆ ਸੰਦੇਸ਼ਾਂ ਵਾਲੇ ਹੈਲਮੈਟ, ਟੀ-ਸ਼ਰਟਾਂ ਅਤੇ ਟੋਪੀਆਂ ਵੰਡੀਆਂ ਗਈਆਂ। ਇਹ ਮੋਟਰਸਾਈਕਲ ਰੈਲੀ ਸ਼੍ਰੀ ਆਰ. ਵੇਂਕਟ ਰਤਨਮ, ਡਾਇਰੈਕਟਰ ਜਨਰਲ, ਲੀਡ ਏਜੰਸੀ ਆਨ ਰੋਡ ਸੇਫ਼ਟੀ, ਪੰਜਾਬ ਅਤੇ ਸ਼੍ਰੀ ਅਮਰਦੀਪ ਸਿੰਘ ਰਾਏ, ਡੀਜੀਪੀ (ਟ੍ਰੈਫ਼ਿਕ), ਪੰਜਾਬ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ, ਜਿਸ ਨਾਲ ਉੱਚ-ਖ਼ਤਰੇ ਵਾਲੇ ਸੜਕ ਉਪਭੋਗੀਆਂ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਵਧਾਉਣ ਪ੍ਰਤੀ ਰਾਜ ਦੀ ਵਚਨਬੱਧਤਾ ਨੂੰ ਮਜ਼ਬੂਤੀ ਮਿਲੀ।

ਇਸ ਮੌਕੇ ਡਾਇਰੈਕਟਰ ਜਨਰਲ ਰੋਡ ਸੇਫਟੀ ਆਰ. ਵੈਂਕਟ ਰਤਨਮ, ਡੀ.ਜੀ.ਪੀ. ਟਰੈਫਿਕ ਪੰਜਾਬ ਏ. ਐਸ. ਰਾਏ, ਸਟੇਟ ਟਰਾਂਸਪੋਰਟ ਕਮਿਸ਼ਨਰ ਪਰਨੀਤ ਸ਼ੇਰਗਿੱਲ, ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਦੇ ਮੈਂਬਰ, ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਟ੍ਰੈਫਿਕ ਪੁਲਿਸ ਦੇ ਅਧਿਕਾਰੀ, ਸੜਕ ਸੁਰੱਖਿਆ ਨਾਲ ਜੁੜੀਆਂ ਸੰਸਥਾਵਾਂ ਦੇ ਪ੍ਰਤੀਨਿਧੀ, ਸਿੱਖਿਆ ਸੰਸਥਾਵਾਂ ਦੇ ਮੁਖੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਸਨਮਾਨਿਤ ਸਖਸੀਅਤਾਂ ਹਾਜ਼ਰ ਸਨ।