ਬਠਿੰਡਾ ਵਿੱਚ ਮੋਮੋਜ਼ ਦੀ ਰੇਹੜੀ ਲਗਾਉਣ ਵਾਲੇ ਨੇਪਾਲ ਦੇ ਰਹਿਣ ਵਾਲੇ ਨੌਜਵਾਨ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਹ ਹਮਲਾ 27 ਦਸੰਬਰ 2025 ਦੀ ਰਾਤ ਨੂੰ ਉਸ ਸਮੇਂ ਹੋਇਆ, ਜਦੋਂ ਪੀੜਤ ਮਨ ਬਹਾਦਰ ਆਪਣਾ ਕੰਮ ਸਮਾਪਤ ਕਰਕੇ ਰਾਤ ਕਰੀਬ 10 ਵਜੇ ਘਰ ਵਾਪਸ ਜਾ ਰਿਹਾ ਸੀ।
ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਟਰਸਾਈਕਲ ‘ਤੇ ਸਵਾਰ ਤਿੰਨ ਨਕਾਬਪੋਸ਼ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਮਨ ਬਹਾਦਰ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪੀੜਤ ਦੀਆਂ ਉਂਗਲਾਂ ਕੱਟ ਗਈਆਂ ਅਤੇ ਸਿਰ ‘ਤੇ ਵੀ ਗੰਭੀਰ ਸੱਟਾਂ ਲੱਗੀਆਂ। ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਕੈਨਾਲ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਪੁਲਿਸ ਲਈ ਇਹ ਮਾਮਲਾ ਇਸ ਕਰਕੇ ਵੀ ਚੁਣੌਤੀਪੂਰਨ ਸੀ ਕਿਉਂਕਿ ਪੀੜਤ ਅਤੇ ਹਮਲਾਵਰਾਂ ਵਿਚਕਾਰ ਕੋਈ ਪੁਰਾਣੀ ਰੰਜਿਸ਼ ਸਾਹਮਣੇ ਨਹੀਂ ਆਈ। ਜਾਂਚ ਦੌਰਾਨ ਪਤਾ ਲੱਗਿਆ ਕਿ ਹਮਲਾਵਰ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਘੁੰਮ ਰਹੇ ਸਨ, ਪਰ ਜਦੋਂ ਉਹ ਵਿਅਕਤੀ ਨਹੀਂ ਮਿਲਿਆ ਤਾਂ ਮਨ ਬਹਾਦਰ ‘ਤੇ ਹਮਲਾ ਕਰ ਦਿੱਤਾ ਗਿਆ।
ਸੀ ਆਈ ਏ ਟੀਮ, ਪੀਸੀਆਰ ਅਤੇ ਥਾਣਾ ਕੈਨਾਲ ਦੀ ਸਾਂਝੀ ਕਾਰਵਾਈ ਨਾਲ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋ ਮੁਲਜ਼ਮਾਂ—ਸਾਹਿਲ ਪੁੱਤਰ ਨਰੇਸ਼ ਕੁਮਾਰ (ਰਹਿਣ ਵਾਲਾ ਜਨਤਾ ਨਗਰ) ਅਤੇ ਲਖਵਿੰਦਰ ਉਰਫ਼ ਲੱਕੀ ਭਾਠ ਪੁੱਤਰ ਰਾਮਪਾਲ (ਰਹਿਣ ਵਾਲਾ ਗੁਪਾਲ ਨਗਰ)—ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ, ਗ੍ਰਿਫ਼ਤਾਰ ਮੁਲਜ਼ਮ ਸਾਹਿਲ ਖ਼ਿਲਾਫ਼ ਪਹਿਲਾਂ ਵੀ ਧਾਰਾ 307 ਤਹਿਤ ਮਾਮਲਾ ਦਰਜ ਹੈ।
ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਦੀ ਨੀਅਤ ਲੁੱਟਖੋਹ ਦੀ ਨਹੀਂ ਸੀ, ਸਗੋਂ ਉਹ ਕਿਸੇ ਹੋਰ ਨਾਲ ਝਗੜੇ ਦੇ ਇਰਾਦੇ ਨਾਲ ਹਥਿਆਰਾਂ ਸਮੇਤ ਘੁੰਮ ਰਹੇ ਸਨ। ਤੀਜੇ ਫ਼ਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ।

Social Plugin