Punjab ਦੇ ਕਿਸਾਨਾਂ ਦੇ ਮਸਲੇ ਜਲਦ ਕੀਤੇ ਜਾਣਗੇ ਹੱਲ, ਪੰਜਾਬ ਸਰਕਾਰ ਦਾ ਵੱਡਾ ਐਲਾਨ
ਚੰਡੀਗੜ੍ਹ, 25 ਸਤੰਬਰ – ਪੰਜਾਬ ਭਵਨ ਵਿੱਚ ਵੀਰਵਾਰ ਦੇਰ ਸ਼ਾਮ ਕਿਸਾਨ ਮਜ਼ਦੂਰ ਮੋਰਚਾ ਦੇ ਵਫ਼ਦ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਿਚਾਲੇ ਹੋਈ ਮੀਟਿੰਗ ਵਿੱਚ ਕਿਸਾਨਾਂ ਦੀਆਂ 23 ਸੂਤਰੀ ਮੰਗਾਂ ’ਤੇ ਚਰਚਾ ਹੋਈ। ਸਰਕਾਰ ਨੇ ਕਈ ਮਸਲਿਆਂ ਦੇ ਹੱਲ ਲਈ ਸਮਾਂ-ਸੀਮਾ ਤੈਅ ਕਰਨ ਦਾ ਭਰੋਸਾ ਦਿੱਤਾ।
ਸਰਕਾਰ ਮੁਤਾਬਕ ਕਿਸਾਨ ਅੰਦੋਲਨ ਦੌਰਾਨ ਦਰਜ ਫ਼ੌਜਦਾਰੀ, ਰੇਲਵੇ ਅਤੇ ਪਰਾਲੀ ਨਾਲ ਸਬੰਧਤ ਕੇਸ 15 ਅਕਤੂਬਰ ਤੱਕ ਵਾਪਸ ਲੈਣ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਸਬੰਧਤ ਬਕਾਇਆ ਮਾਮਲੇ ਵੀ 15 ਅਕਤੂਬਰ ਤੋਂ ਪਹਿਲਾਂ ਹੱਲ ਕਰਨ ਅਤੇ 2017 ਦੀ ਨੀਤੀ ਅਨੁਸਾਰ ਲੋੜੀਂਦੇ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਗੰਨੇ ਦੇ ਭਾਅ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਿਹਤਰ ਰੱਖਣ ਬਾਰੇ ਜਲਦ ਫ਼ੈਸਲਾ ਕਰਨ ਦੀ ਗੱਲ ਕਹੀ ਗਈ। ਫਗਵਾੜਾ ਖੰਡ ਮਿੱਲ ਦੇ 28 ਕਰੋੜ ਰੁਪਏ ਅਤੇ ਹੋਰਨਾਂ ਮਿੱਲਾਂ ਦੇ ਕਰੀਬ 3.65 ਕਰੋੜ ਰੁਪਏ ਦੇ ਬਕਾਏ ਅਗਲੇ ਹਫ਼ਤੇ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਸ਼ੰਭੂ-ਖਨੌਰੀ ਸਰਹੱਦਾਂ ’ਤੇ ਹੋਏ ਨੁਕਸਾਨ ਅਤੇ ਅੰਦੋਲਨ ਦੌਰਾਨ ਜ਼ਖ਼ਮੀ ਕਿਸਾਨਾਂ ਦੇ ਮੁਆਵਜ਼ੇ ਸਬੰਧੀ ਵੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਅਤੇ ਸਰਕਾਰੀ ਨੌਕਰੀ ਦੇਣ ਬਾਰੇ ਵੀ ਗੱਲਬਾਤ ਹੋਈ। ਸਮਾਰਟ ਮੀਟਰਾਂ, ਨੈਸ਼ਨਲ ਹਾਈਵੇਅ ਦੇ ਬਕਾਏ ਅਤੇ ਪਰਾਲੀ ਨਾਲ ਸਬੰਧਤ ਕਾਨੂੰਨਾਂ ’ਤੇ ਵਿਚਾਰ ਲਈ ਅਗਲੀ ਮੀਟਿੰਗ ਸੱਦਣ ਦੀ ਗੱਲ ਕਹੀ ਗਈ ਹੈ।

Social Plugin