Punjab ‘ਚ SIR ਅੱਜ ਤੋਂ, ਘਰ-ਘਰ ਜਾਣਗੇ BLO
ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਵੋਟਰ ਸੂਚੀ ਨੂੰ ਅਪਡੇਟ ਕਰਨ ਲਈ 25 ਜੂਨ ਤੋਂ ਪੰਜਾਬ ਵਿੱਚ ਇੱਕ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ (SIR) ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਰਾਜ ‘ਚ ਅੱਜ 25 ਜੂਨ, 2026 ਤੋਂ ਘਰੋਂ-ਘਰੀਂ ਗਣਨਾ ਦਾ ਕੰਮ ਆਰੰਭ ਹੋਵੇਗਾ ਜੋ ਕਿ 24 ਜੁਲਾਈ, 2026 ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਗਹਿਨ ਸੁਧਾਈ ਦੇ ਕਾਰਜ਼ ਵੱਜੋਂ 25 ਜੂਨ, 2026 ਤੋਂ 24 ਜੁਲਾਈ, 2026 ਤੱਕ ਸੂਬੇ ਦੇ 2 ਕਰੋੜ 14 ਲੱਖ 61 ਹਜ਼ਾਰ 43 ਵੋਟਰਾਂ ਤੱਕ ਪਹੁੰਚ ਕੀਤੀ ਜਾਵੇਗੀ। ਇਸ ਮੁਹਿੰਮ ਤਹਿਤ, 24,453 ਬੂਥ ਲੈਵਲ ਅਫਸਰ (ਬੀਐਲਓ) ਸੂਬੇ ਭਰ ਵਿੱਚ ਵੋਟਰਾਂ ਦੀ ਤਸਦੀਕ ਕਰਨ ਲਈ ਘਰ-ਘਰ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਪੋਲਿੰਗ ਸਟੇਸ਼ਨ ਦੀ ਰੈਸ਼ਨਲਾਈਜੇਸਨ ਦਾ ਕੰਮ 24 ਜੁਲਾਈ 2026 ਤੱਕ ਕੀਤਾ ਜਾਵੇਗਾ ਜਦਕਿ ਵੋਟਰ ਸੂਚੀਆਂ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 03-08-2026 ਤੋਂ 02-09-2026 ਤੱਕ ਪੇਸ਼ ਕੀਤੇ ਜਾ ਸਕਦੇ ਹਨ। ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03-08-2026 ਤੋਂ 28-09-2026 ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 01-10-2026 ਨੂੰ ਕੀਤੀ ਜਾਵੇਗੀ।
ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਬੁੱਧਵਾਰ ਨੂੰ ਪੰਜਾਬ ਭਵਨ ਵਿਖੇ ਇੱਕ ਮੀਡੀਆ ਮੀਟਿੰਗ ਵਿੱਚ ਮੁਹਿੰਮ ਦੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਯੋਜਨਾਬੱਧ ਢੰਗ ਨਾਲ ਕੀਤੀ ਜਾਵੇਗੀ। ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਗਣਨਾ ਦੇ ਪਹਿਲੇ ਪੜਾਅ ਦੌਰਾਨ ਬੀ.ਐਲ.ਓ. ਵੱਲੋਂ ਘਰ-ਘਰ ਜਾ ਕੇ ਪ੍ਰੀ-ਪ੍ਰਿੰਟਡ ਫਾਰਮਾਂ ਦੀ ਵੰਡ ਕੀਤੀ ਜਾਵੇਗੀ ਅਤੇ ਬੀ.ਐਲ.ਓਜ਼ ਵੱਲੋਂ ਇਹ ਫਾਰਮ ਭਰਨ ਵਿੱਚ ਵੋਟਰਾਂ ਦੀ ਸਹਾਇਤਾ ਕਰਨ ਤੋਂ ਇਲਾਵਾ ਇਨ੍ਹਾਂ ਫਾਰਮਾਂ ਨੂੰ ਘਰੋ-ਘਰੀ ਜਾ ਕੇ ਵਾਪਸ ਇਕੱਤਰ ਵੀ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਭਾਰਤੀ ਨਾਗਰਿਕ ਨੇ ਕਿਸੇ ਹੋਰ ਦੇਸ਼ ਦਾ ਪਾਸਪੋਰਟ ਬਣਵਾ ਲਿਆ ਹੈ ਤਾਂ ਉਹ ਭਾਰਤ ਵਿੱਚ ਵੋਟ ਬਣਵਾਉਣ ਦਾ ਹੱਕਦਾਰ ਨਹੀਂ ਹੈ। ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੋਟਰ ਦੋ ਥਾਵਾਂ ਤੇ ਵੋਟ ਬਣਾਉਂਦਾ ਹੈ ਜਾਂ ਫਿਰ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਣ ਦੇ ਬਾਵਜੂਦ ਭਾਰਤ ਵਿੱਚ ਆਪਦੀ ਵੋਟ ਬਣਾਉਂਦਾ ਹੈ ਤਾਂ ਉਸਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।
ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਐਸਆਈਆਰ ਦੀ ਪੂਰੀ ਪ੍ਰਕਿਰਿਆ ਸਬੰਧੀ ਪੰਜਾਬ ਰਾਜ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮੀਟਿੰਗ ਕਰਕੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਵੀ ਅਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਰਾਜ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ , ਤਹਿਸੀਲ ਪੱਧਰ ਅਤੇ ਬੀਐਲਓ ਪੱਧਰ ਤੱਕ ਕੀਤੀਆਂ ਗਈਆਂ ਹਨ।
ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਦੇ ਸਮੂਹ ਈਆਰਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਬੰਧਤ ਖੇਤਰ ਦੇ ਬੀਐਲਓਜ਼ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਨਗੇ ਅਤੇ ਬੀਐਲਓਜ਼ ਤੋਂ ਫੀਡਬੈਕ ਲੈਣ ਤੋਂ ਇਲਾਵਾਂ ਉਨ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ, ਘਰ ਜਾਂ ਵਿਅਕਤੀ ਲੱਭਣ ਵਿੱਚ ਪੇਸ਼ ਆ ਰਹੀ ਸਮੱਸਿਆ ਬਾਰੇ ਜਾਂ ਕਿਸੇ ਵੱਲੋਂ ਦੁਰਵਿਹਾਰ ਕਰਨ ਸਬੰਧੀ ਜਾਣਕਾਰੀ ਲੈਣਗੇ।
ਮੀਟਿੰਗ ਦੌਰਾਨ, ਇਹ ਦੱਸਿਆ ਗਿਆ ਕਿ ਪੰਜਾਬ ਵਿੱਚ ਹੁਣ ਤੱਕ 86.02% ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਕੀਤੀ ਗਈ ਹੈ, ਉਨ੍ਹਾਂ ਦੀ ਸੂਚੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਉਪਲਬਧ ਕਰਵਾ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਨੂੰ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ।

Social Plugin