
ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ 15 ਮਈ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਪਰ ਪਹਿਲੀ ਹੀ ਫਲਾਈਟ ਨੂੰ ਉਮੀਦਾਂ ਮੁਤਾਬਕ ਹੁੰਗਾਰਾ ਨਹੀਂ ਮਿਲ ਰਿਹਾ। ਏਅਰ ਇੰਡੀਆ ਵੱਲੋਂ ਲਗਭਗ ਇੱਕ ਮਹੀਨਾ ਪਹਿਲਾਂ ਬੁਕਿੰਗ ਸ਼ੁਰੂ ਕੀਤੀ ਗਈ ਸੀ, ਪਰ ਹੁਣ ਤੱਕ ਦਿੱਲੀ-ਲੁਧਿਆਣਾ ਰੂਟ ਦੀ ਪਹਿਲੀ ਉਡਾਣ ਵਿੱਚ ਕੇਵਲ 47 ਸੀਟਾਂ ਹੀ ਬੁੱਕ ਹੋਈਆਂ ਹਨ। ਜਾਣਕਾਰੀ ਮੁਤਾਬਕ ਇਹਨਾਂ ਵਿੱਚੋਂ ਵੱਡੀ ਗਿਣਤੀ ਸਿਆਸੀ ਆਗੂਆਂ ਦੀ ਹੈ।
ਉੱਥੇ ਹੀ ਲੁਧਿਆਣਾ ਤੋਂ ਦਿੱਲੀ ਜਾਣ ਵਾਲੀ ਸਵੇਰੇ 7:55 ਵਜੇ ਦੀ ਪਹਿਲੀ ਫਲਾਈਟ ਵਿੱਚ ਵੀ ਸਿਰਫ਼ 34 ਸੀਟਾਂ ਦੀ ਬੁਕਿੰਗ ਹੋਈ ਹੈ। 156 ਸੀਟਾਂ ਵਾਲੇ ਜਹਾਜ਼ ਵਿੱਚੋਂ 138 ਸੀਟਾਂ ਯਾਤਰੀਆਂ ਲਈ ਰੱਖੀਆਂ ਗਈਆਂ ਹਨ, ਪਰ ਬੁਕਿੰਗ ਦਾ ਅੰਕੜਾ ਅਜੇ ਤੱਕ ਇੱਕ ਤਿਹਾਈ ਤੱਕ ਵੀ ਨਹੀਂ ਪਹੁੰਚਿਆ। ਬਾਅਦ ਵਾਲੀਆਂ ਉਡਾਣਾਂ ਵਿੱਚ ਵੀ ਰੁਝਾਨ ਕਾਫ਼ੀ ਮੰਦ ਦਿਖਾਈ ਦੇ ਰਿਹਾ ਹੈ।
ਹਾਲਾਂਕਿ ਫਲਾਈਟ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਉਦਯੋਗਪਤੀਆਂ ਨੇ ਭਰੋਸਾ ਦਿੱਤਾ ਸੀ ਕਿ ਲੁਧਿਆਣਾ ਤੋਂ ਜਹਾਜ਼ ਖਾਲੀ ਨਹੀਂ ਜਾਣ ਦੇਣਗੇ, ਪਰ ਮੌਜੂਦਾ ਬੁਕਿੰਗ ਅੰਕੜੇ ਇਸ ਦਾਅਵੇ ਤੋਂ ਉਲਟ ਨਜ਼ਰ ਆ ਰਹੇ ਹਨ। ਫਿਲਹਾਲ ਦਿੱਲੀ-ਲੁਧਿਆਣਾ ਰੂਟ ਦਾ ਕਿਰਾਇਆ 4294 ਰੁਪਏ ਦਰਸਾਇਆ ਜਾ ਰਿਹਾ ਹੈ।
Social Plugin