Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਦੇ ਆਈਟੀ–ਆਈਟੀਈਐਸ ਸੈਸ਼ਨ ਨੂੰ ਨਿਵੇਸ਼ਕਾਂ ਦਾ ਵੱਡਾ ਸਹਿਯੋਗ

  

IMG

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਦੌਰਾਨ ਆਯੋਜਿਤ ਆਈਟੀ ਅਤੇ ਆਈਟੀਈਐਸ ਸੈਸ਼ਨ ਨੂੰ ਨਿਵੇਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਵੱਡੀ ਗਿਣਤੀ ਵਿੱਚ ਉਦਯੋਗਪਤੀ, ਤਕਨੀਕੀ ਮਾਹਿਰ ਅਤੇ ਨਿਵੇਸ਼ਕ ਇਸ ਸੈਸ਼ਨ ਵਿੱਚ ਸ਼ਾਮਲ ਹੋਏ। “ਪੰਜਾਬ ਆਫ਼ਰ: ਪ੍ਰੋਮੋਟਿੰਗ ਜੀਸੀਸੀਜ਼ ਵਿਦ ਸਪੀਡ, ਕਲੈਰਿਟੀ ਐਂਡ ਆਫਟਰ ਕੇਅਰ” ਵਿਸ਼ੇ ’ਤੇ ਆਧਾਰਿਤ ਇਸ ਪ੍ਰੋਗਰਾਮ ਨੇ ਸੂਬੇ ਨੂੰ ਤਕਨੀਕੀ ਨਿਵੇਸ਼ ਅਤੇ ਡਿਜੀਟਲ ਇਨੋਵੇਸ਼ਨ ਲਈ ਉਭਰਦੇ ਕੇਂਦਰ ਵਜੋਂ ਪੇਸ਼ ਕੀਤਾ।

ਪੰਜਾਬ ਵਿਕਾਸ ਕਮਿਸ਼ਨ (ਪੀਡੀਸੀ) ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ ਨੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਐਸਏਐਸ ਨਗਰ ਮੋਹਾਲੀ ਨੂੰ ਆਈਟੀ ਖੇਤਰ ਵਿੱਚ ਟਾਇਰ-1 ਸ਼ਹਿਰ ਵਜੋਂ ਵਿਕਸਤ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਇਸ ਮਕਸਦ ਲਈ ਸ਼ਾਸਨ ਪ੍ਰਣਾਲੀ, ਸਿੱਖਿਆ ਸੰਸਥਾਵਾਂ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਨੂੰ ਤਰਜੀਹ ਦੇ ਰਹੀ ਹੈ।

ਸੂਚਨਾ ਤਕਨਾਲੋਜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਧੀਰੇਂਦਰ ਕੁਮਾਰ ਤਿਵਾੜੀ ਨੇ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026 ਅਧੀਨ ਆਈਟੀ ਉਦਯੋਗ ਲਈ ਦਿੱਤੀਆਂ ਜਾ ਰਹੀਆਂ ਪ੍ਰੋਤਸਾਹਨ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਈਟੀ ਅਤੇ ਆਈਟੀਈਐਸ ਯੂਨਿਟਾਂ ਨੂੰ 10 ਤੋਂ 15 ਸਾਲਾਂ ਲਈ 75 ਫੀਸਦੀ ਸ਼ੁੱਧ ਐਸਜੀਐਸਟੀ ਰੀਇੰਬਰਸਮੈਂਟ ਮਿਲੇਗੀ ਅਤੇ ਪੰਜ ਸਾਲਾਂ ਲਈ ਪ੍ਰਤੀ ਕਰਮਚਾਰੀ ਪ੍ਰਤੀ ਮਹੀਨਾ 5000 ਰੁਪਏ ਰੋਜ਼ਗਾਰ ਉਤਪਤੀ ਸਬਸਿਡੀ ਦਿੱਤੀ ਜਾਵੇਗੀ। ਇਸਦੇ ਨਾਲ ਹੀ ਨਿਵੇਸ਼ਕਾਂ ਨੂੰ ਸਥਿਰ ਪੂੰਜੀ ਨਿਵੇਸ਼ ’ਤੇ 20 ਫੀਸਦੀ ਤੱਕ ਪੂੰਜੀ ਸਬਸਿਡੀ (ਵੱਧ ਤੋਂ ਵੱਧ 10 ਕਰੋੜ ਰੁਪਏ) ਅਤੇ 10 ਤੋਂ 15 ਸਾਲਾਂ ਲਈ ਬਿਜਲੀ ਡਿਊਟੀ ’ਤੇ 100 ਫੀਸਦੀ ਛੂਟ ਦਾ ਲਾਭ ਵੀ ਮਿਲੇਗਾ।

ਉਨ੍ਹਾਂ ਦੱਸਿਆ ਕਿ ਗਲੋਬਲ ਕੈਪੇਬਿਲਟੀ ਸੈਂਟਰਾਂ (GCCs) ਲਈ ਵੀ ਵਿਸ਼ੇਸ਼ ਸਹੂਲਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਅਧੀਨ ਪਹਿਲੀਆਂ 10 ਯੂਨਿਟਾਂ ਨੂੰ ਪੰਜ ਸਾਲਾਂ ਲਈ ਪ੍ਰਤੀ ਕਰਮਚਾਰੀ ਪ੍ਰਤੀ ਮਹੀਨਾ 7500 ਰੁਪਏ ਦੀ ਰੋਜ਼ਗਾਰ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਈਟੀ ਯੂਨਿਟਾਂ ਲਈ ਪ੍ਰਤੀ ਵਰਗ ਫੁੱਟ 7 ਰੁਪਏ ਅਤੇ ਜੀਸੀਸੀ ਲਈ 10 ਰੁਪਏ ਪ੍ਰਤੀ ਵਰਗ ਫੁੱਟ ਰੈਂਟਲ ਸਬਸਿਡੀ ਵੀ ਉਪਲਬਧ ਹੋਵੇਗੀ, ਜੋ ਘੱਟੋ-ਘੱਟ 100 ਸੀਟਾਂ ਵਾਲੀਆਂ ਇਕਾਈਆਂ ਲਈ ਪੰਜ ਸਾਲਾਂ ਤੱਕ ਲਾਗੂ ਰਹੇਗੀ। ਡਾਟਾ ਸੈਂਟਰਾਂ ਨੂੰ ਸਟੈਂਪ ਡਿਊਟੀ ’ਤੇ 100 ਫੀਸਦੀ ਛੂਟ ਅਤੇ ਲੋੜ ਪੈਣ ’ਤੇ ਡੁਅਲ ਪਾਵਰ ਗ੍ਰਿਡ ਦੀ ਸਹੂਲਤ ਵੀ ਦਿੱਤੀ ਜਾਵੇਗੀ।

ਸ੍ਰੀ ਤਿਵਾੜੀ ਨੇ ਕਿਹਾ ਕਿ ਸਰਕਾਰ ਵੱਲੋਂ ਗੈਰ-ਵਿੱਤੀ ਸਹੂਲਤਾਂ ਨੂੰ ਵੀ ਖਾਸ ਤਵੱਜੋ ਦਿੱਤੀ ਗਈ ਹੈ। ਇਸ ਵਿੱਚ 5 ਤੋਂ 45 ਕੰਮਕਾਜੀ ਦਿਨਾਂ ਵਿੱਚ ਸਮਾਂ-ਬੱਧ ਮਨਜ਼ੂਰੀਆਂ, ਆਈਟੀ ਪਾਰਕਾਂ ਨੂੰ ਪਾਪਰਾ ਐਕਟ 1995 ਤੋਂ ਛੂਟ, ਰੀਲੈਕਸਡ ਸੈੱਟਬੈਕ ਅਤੇ 45 ਮੀਟਰ ਰਾਈਟ-ਆਫ-ਵੇ ਵਾਲੀਆਂ ਸੜਕਾਂ ’ਤੇ ਅਸੀਮਤ ਫਲੋਰ ਏਰੀਆ ਰੇਸ਼ੋ ਵਰਗੀਆਂ ਸਹੂਲਤਾਂ ਸ਼ਾਮਲ ਹਨ।

ਸੈਸ਼ਨ ਦੌਰਾਨ ਮਾਹਿਰਾਂ ਦੇ ਪੈਨਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪੈਨਲ ਵਿੱਚ ਇਨਫੋਸਿਸ ਦੇ ਡਾ. ਬਿਮਲ ਦੀਪ ਸਿੰਘ, ਨੈੱਟਸਮਾਰਟਜ਼ ਦੇ ਸੀਈਓ ਮਨੀਪਾਲ ਧਾਰੀਵਾਲ, ਯੂਐਸ ਲੌਜਿਸਟਿਕਸ ਪ੍ਰਾਈਵੇਟ ਲਿਮਟਿਡ ਦੇ ਸੀਨੀਅਰ ਖੇਤਰੀ ਪ੍ਰਧਾਨ ਰਾਜਵਿੰਦਰ ਸਿੰਘ ਬੋਪਾਰਾਏ ਅਤੇ ਟੈਕਸਾਸ ਸਥਿਤ ਗੁਰੂ ਨਾਨਕ ਦੇਵ ਗਲੋਬਲ ਯੂਨੀਵਰਸਿਟੀ ਦੇ ਚੇਅਰਮੈਨ ਬਲਜੀਤ ਸਿੰਘ ਸ਼ਾਮਲ ਸਨ। ਮਾਹਿਰਾਂ ਨੇ ਕਿਹਾ ਕਿ ਟ੍ਰਾਈਸਿਟੀ ਖੇਤਰ ਦਾ ਅਨੁਕੂਲ ਮਾਹੌਲ, ਹੁਨਰਮੰਦ ਮਨੁੱਖੀ ਸਰੋਤਾਂ ਦੀ ਉਪਲਬਧਤਾ ਅਤੇ ਘੱਟ ਸੰਚਾਲਨ ਲਾਗਤਾਂ ਮੋਹਾਲੀ ਨੂੰ ਆਈਟੀ ਉਦਯੋਗ ਲਈ ਇੱਕ ਆਕਰਸ਼ਕ ਮੰਜ਼ਿਲ ਬਣਾਉਂਦੀਆਂ ਹਨ।

ਪੈਨਲਿਸਟਾਂ ਨੇ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਪੰਜਾਬੀ ਮੂਲ ਦੇ ਕਈ ਆਈਟੀ ਮਾਹਿਰ ਆਪਣੀ ਜੱਦੀ ਧਰਤੀ ਵੱਲ ਮੁੜਣ ਦੀ ਇੱਛਾ ਰੱਖਦੇ ਹਨ, ਜੋ ਸੂਬੇ ਦੇ ਟੈਲੈਂਟ ਪੂਲ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ। ਸੈਸ਼ਨ ਦੌਰਾਨ ਜੀਸੀਸੀ ਮਾਡਲਾਂ, ਕ੍ਰਿਤ੍ਰਿਮ ਬੁੱਧੀ (AI) ਦੇ ਵਧਦੇ ਪ੍ਰਭਾਵ ਅਤੇ ਭਵਿੱਖੀ ਸੰਭਾਵਨਾਵਾਂ ’ਤੇ ਵੀ ਚਰਚਾ ਕੀਤੀ ਗਈ। ਕੇਪੀਐਮਜੀ ਦੇ ਡਾਇਰੈਕਟਰ ਚੰਦਨ ਸਿੰਘ ਵੱਲੋਂ ਸੰਚਾਲਿਤ ਇਹ ਸੈਸ਼ਨ ਖੁੱਲ੍ਹੀ ਚਰਚਾ ਨਾਲ ਸਫਲਤਾਪੂਰਵਕ ਸਮਾਪਤ ਹੋਇਆ।