ਰੋਜ਼ੀ-ਰੋਟੀ ਅਤੇ ਚੰਗੇ ਭਵਿੱਖ ਦੀ ਭਾਲ ਵਿੱਚ ਹਰ ਸਾਲ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਹਨ, ਪਰ ਬੇਗਾਨੀ ਧਰਤੀ 'ਤੇ ਵਾਪਰਨ ਵਾਲੇ ਅਣਹੋਣੇ ਹਾਦਸਿਆਂ ਦੀਆਂ ਖ਼ਬਰਾਂ ਲਗਾਤਾਰ ਸੋਗ ਫੈਲਾਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਮੰਦਭਾਗੀ ਖ਼ਬਰ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਹਾਦਸੇ ਦੌਰਾਨ ਕੋਟਕਪੂਰਾ ਦੇ ਨੌਜਵਾਨ ਗੁਰਜੰਟ ਸਿੰਘ (32) ਦੀ ਮੌਤ ਹੋ ਗਈ ਹੈ।
ਇਸ ਦੁਖਦਾਈ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਸੰਘਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਤਕਰੀਬਨ ਪੰਜ ਸਾਲ ਪਹਿਲਾਂ ਆਪਣੀਆਂ ਭੈਣਾਂ ਕੋਲ ਆਸਟ੍ਰੇਲੀਆ ਗਿਆ ਸੀ। ਪਰਿਵਾਰ ਵੱਲੋਂ ਉਸ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਪਰ ਸ਼ਹਿਨਾਈਆਂ ਦੀ ਥਾਂ ਘਰ ਵਿੱਚ ਸੱਥਰ ਵਿਛ ਜਾਣ ਕਾਰਨ ਮਾਤਮ ਛਾਇਆ ਹੋਇਆ ਹੈ।
ਪਰਿਵਾਰਕ ਮੈਂਬਰਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਜੰਟ ਸਿੰਘ ਆਸਟ੍ਰੇਲੀਆ ਦੇ ਸਮੇਂ ਅਨੁਸਾਰ ਸਵੇਰੇ 12:30 ਵਜੇ ਦੇ ਕਰੀਬ ਟਰਾਲਾ ਲੈ ਕੇ ਨਿਕਲਿਆ ਸੀ। ਜਦੋਂ ਉਹ ਹਾਈਵੇਅ 'ਤੇ ਚੜ੍ਹਿਆ ਤਾਂ ਉਸ ਦਾ ਟਰਾਲੇ ਤੋਂ ਸੰਤੁਲਨ ਵਿਗੜ ਗਿਆ, ਜਿਸ ਕਾਰਨ ਟਰਾਲਾ ਪਲਟ ਗਿਆ ਅਤੇ ਭਿਆਨਕ ਅੱਗ ਲੱਗ ਗਈ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਪੁਲਿਸ ਪ੍ਰਸ਼ਾਸਨ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਲਈ ਹੈ, ਜੋ ਕਿ ਅੱਗ ਲੱਗਣ ਕਾਰਨ ਕਾਫ਼ੀ ਹੱਦ ਤੱਕ ਸੜ ਜਾਣ ਕਰਕੇ ਬੇ-ਪਛਾਣ ਹੋ ਚੁੱਕੀ ਹੈ। ਪਰਿਵਾਰ ਨੇ ਦੱਸਿਆ ਕਿ ਗੁਰਜੰਟ ਸਿੰਘ ਪੰਜ ਸਾਲ ਤੋਂ ਆਸਟ੍ਰੇਲੀਆ ਰਹਿ ਰਿਹਾ ਸੀ ਅਤੇ ਹੁਣ ਉਸ ਵੱਲੋਂ ਪੀ.ਆਰ. (Permanent Residency) ਲਈ ਅਰਜ਼ੀ ਦਿੱਤੀ ਗਈ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ।
ਫਿਲਹਾਲ, ਪਰਿਵਾਰ ਵੱਲੋਂ ਆਸਟ੍ਰੇਲੀਆ ਸਰਕਾਰ ਤੋਂ ਕਲੀਅਰੈਂਸ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਮ੍ਰਿਤਕ ਸਰੀਰ ਨੂੰ ਕੋਟਕਪੂਰਾ ਲਿਆਂਦਾ ਜਾ ਸਕੇ ਅਤੇ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ।

Social Plugin