ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਵਾਪਰੇ ਬੇਰਹਿਮੀ ਵਾਲੇ ਕਤਲ ਕਾਂਡ ਵਿੱਚ ਪੋਸਟਮਾਰਟਮ ਰਿਪੋਰਟ ਨੇ ਜਾਂਚ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ। 30 ਸਾਲਾ ਦਵਿੰਦਰ ਦਾ ਤਿੰਨ ਫੋਰੈਂਸਿਕ ਮਾਹਿਰ ਡਾਕਟਰਾਂ (ਡਾ. ਕਰਨ ਪ੍ਰਮੋਦ, ਡਾ. ਅਭੈਦੀਪ, ਡਾ. ਪਵਨਦੀਪ ਕੌਰ) ਦੇ ਬੋਰਡ ਨੇ ਪੋਸਟਮਾਰਟਮ ਕੀਤਾ।
ਮੁੱਢਲੀ ਪੋਸਟਮਾਰਟਮ ਰਿਪੋਰਟ ਅਨੁਸਾਰ, ਦਵਿੰਦਰ ਦੇ ਕਤਲ ਤੋਂ ਪਹਿਲਾਂ ਉਸ ਦੇ ਹੱਥ 'ਤੇ ਕੋਈ ਇੰਜੈਕਸ਼ਨ ਲਗਾਉਣ ਦੇ ਸੰਕੇਤ ਮਿਲੇ ਹਨ। ਇਸ ਤੋਂ ਇਲਾਵਾ, ਸੂਤਰਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਡਿੱਗਣ ਕਾਰਨ ਉਸਦੇ ਸਿਰ ਵਿੱਚ ਹੈਮਰੇਜ ਵਰਗੀ ਸੱਟ ਲੱਗੀ ਸੀ। ਹਾਲਾਂਕਿ, ਮੌਤ ਦੇ ਸਹੀ ਕਾਰਨ ਦੀ ਪੁਸ਼ਟੀ ਕਰਨ ਲਈ ਵਿਸਰਾ ਜਾਂਚ ਲਈ ਫੋਰੈਂਸਿਕ ਸਾਇੰਸ ਲੈਬ ਨੂੰ ਭੇਜਿਆ ਗਿਆ ਹੈ।
ਲਾਸ਼ ਦਾ ਇੱਕ ਹਿੱਸਾ ਅਜੇ ਵੀ ਗਾਇਬ
ਡਾਕਟਰਾਂ ਨੇ ਜਾਂਚ ਦੌਰਾਨ ਪਾਇਆ ਕਿ ਦਵਿੰਦਰ ਦੀ ਲਾਸ਼ ਛੇ ਟੁਕੜਿਆਂ ਵਿੱਚ ਪੋਸਟਮਾਰਟਮ ਲਈ ਲਿਆਂਦੀ ਗਈ ਸੀ, ਜਦੋਂ ਕਿ ਉਸਦਾ ਸੱਜਾ ਹੱਥ ਅਜੇ ਵੀ ਲਾਪਤਾ ਹੈ। ਪੁਲਿਸ ਇਸ ਗਾਇਬ ਹੱਥ ਦੀ ਤਲਾਸ਼ ਵਿੱਚ ਜੁਟੀ ਹੋਈ ਹੈ ਅਤੇ ਦਾਅਵਾ ਕਰ ਰਹੀ ਹੈ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਹੋਰ ਸਾਥੀ ਸ਼ਾਮਲ ਪਾਇਆ ਗਿਆ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ 8 ਜਨਵਰੀ ਨੂੰ ਲਾਸ਼ ਦੇ ਟੁਕੜੇ ਮਿਲਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਉਸਦੀ ਪਤਨੀ ਕੁਲਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਅਨੁਸਾਰ ਸ਼ਮਸ਼ੇਰ ਨੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਦੋਸਤ ਦਵਿੰਦਰ ਦਾ ਕਤਲ ਕੀਤਾ ਅਤੇ ਬਾਅਦ ਵਿੱਚ ਆਰੇ ਨਾਲ ਲਾਸ਼ ਨੂੰ ਟੁਕੜਿਆਂ ਵਿੱਚ ਕੱਟ ਕੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ ਸੀ।
ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਏਐਸਆਈ ਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਇਸ ਸਮੇਂ ਪੁਲਿਸ ਰਿਮਾਂਡ 'ਤੇ ਹਨ ਅਤੇ ਉਨ੍ਹਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਕਤਲ ਦੀਆਂ ਸਾਰੀਆਂ ਪਰਤਾਂ ਖੁੱਲ੍ਹ ਸਕਦੀਆਂ ਹਨ।

Social Plugin