ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਤੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਦੇਰ ਰਾਤ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਮੰਦਭਾਗਾ ਹਾਦਸਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਨੇੜੇ ਵਾਪਰਿਆ, ਜਿਸ ਦੌਰਾਨ ਟਰਾਲੀ ਵਿੱਚ ਸਵਾਰ ਕਰੀਬ 10 ਸ਼ਰਧਾਲੂ ਵਾਲ-ਵਾਲ ਬਚ ਗਏ, ਜਦਕਿ 4 ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ, ਟਰਾਲੀ ਚਾਲਕ ਲਖਬੀਰ ਸਿੰਘ ਜਦੋਂ ਇੱਕ ਟਰੱਕ ਨੂੰ ਕਰਾਸ ਕਰ ਰਿਹਾ ਸੀ ਤਾਂ ਪਿੱਛੋਂ ਆ ਰਹੀ ਇੱਕ ਪਿਕਅੱਪ ਗੱਡੀ, ਜਿਸ ਨਾਲ ਟਰਾਲੀ ਦਾ ਟੋਚਨ ਪਾਇਆ ਹੋਇਆ ਸੀ, ਟਰਾਲੀ ਦੇ ਬਰਾਬਰ ਆ ਗਈ। ਇਸ ਦੌਰਾਨ ਟਰਾਲੀ ਚਾਲਕ ਵੱਲੋਂ ਬ੍ਰੇਕ ਲਗਾਉਣ 'ਤੇ ਟਰਾਲੀ ਅਚਾਨਕ ਪਲਟ ਗਈ ਅਤੇ ਸਮਾਨ ਖਿਲਰ ਕੇ ਰੌਂਗ ਸਾਈਡ ਚਲੀ ਗਈ। ਹਾਦਸੇ ਤੋਂ ਬਾਅਦ ਪਿਕਅੱਪ ਗੱਡੀ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਚਾਲਕ ਦੇ ਸਿਰ 'ਤੇ ਲੱਗੇ ਟਾਂਕੇ
ਹਾਦਸੇ ਵਿੱਚ ਜ਼ਖ਼ਮੀ ਹੋਏ 4 ਸ਼ਰਧਾਲੂਆਂ ਨੂੰ ਤੁਰੰਤ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਹਸਪਤਾਲ ਦੀ ਡਾਕਟਰ ਨੇ ਪੁਸ਼ਟੀ ਕੀਤੀ ਕਿ ਐਕਸੀਡੈਂਟ ਕੇਸ ਵਿੱਚ ਕਰੀਬ 4 ਨੌਜਵਾਨ ਆਏ ਸਨ।
ਟਰਾਲੀ ਚਾਲਕ ਲਖਬੀਰ ਸਿੰਘ ਦੇ ਸਿਰ ਉੱਪਰ ਟਾਂਕੇ ਲੱਗੇ ਹਨ।
ਬਾਕੀ ਸ਼ਰਧਾਲੂਆਂ ਨੂੰ ਮਾਮੂਲੀ ਖਰੋਚਾਂ ਆਈਆਂ ਹਨ।
ਟਰਾਲੀ ਚਾਲਕ ਲਖਬੀਰ ਸਿੰਘ ਨੇ ਦੱਸਿਆ ਕਿ ਟਰੈਕਟਰ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ, ਪਰ ਵੱਡਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Social Plugin