
ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ ਰੇਲਵੇ ਟਰੈਕ ‘ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਅਤੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਗਿਆ ਕਿ ਸਿਰਫ 12 ਘੰਟਿਆਂ ਦੇ ਅੰਦਰ ਇਸ ਕੇਸ ਦੀ ਗੁੱਥੀ ਸੁਲਝਾ ਲਈ ਗਈ ਹੈ।
ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਇੱਕ ਅੱਤਵਾਦੀ ਮਾਡਿਊਲ ਦੇ ਚਾਰ ਮੈਂਬਰਾਂ—ਪਰਦੀਪ ਸਿੰਘ ਖਾਲਸਾ (ਮੁੱਖ ਸਾਜ਼ਿਸ਼ਕਾਰ), ਕੁਲਵਿੰਦਰ ਸਿੰਘ ਬੰਗਾ, ਸਤਨਾਮ ਸਿੰਘ ਉਰਫ ਸੱਤਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ—ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਬੰਬ, ਦੋ ਪਿਸਤੌਲ, ਜਿੰਦਾ ਕਾਰਤੂਸ ਅਤੇ IED ਤਿਆਰ ਕਰਨ ਲਈ ਵਰਤੇ ਜਾਣ ਵਾਲਾ ਸਮਾਨ ਸਮੇਤ ਲੈਪਟਾਪ ਅਤੇ ਹੋਰ ਡਿਜ਼ਿਟਲ ਉਪਕਰਣ ਬਰਾਮਦ ਕੀਤੇ ਗਏ ਹਨ।
ਪ੍ਰਾਰੰਭਿਕ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਮਲੇਸ਼ੀਆ ਵਿੱਚ ਬੈਠੇ ਖਾਲਿਸਤਾਨੀ ਹਮਦਰਦ ਤੱਤਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਉਨ੍ਹਾਂ ਦਾ ਮਕਸਦ ਪੰਜਾਬ ਵਿੱਚ ਅੱਤਵਾਦੀ ਕਾਰਵਾਈਆਂ ਕਰਕੇ ਡਰ ਅਤੇ ਅਸਥਿਰਤਾ ਦਾ ਮਾਹੌਲ ਬਣਾਉਣਾ ਸੀ। 27 ਅਪ੍ਰੈਲ 2026 ਨੂੰ ਕੀਤੇ ਗਏ ਰੇਲਵੇ ਧਮਾਕੇ ਰਾਹੀਂ ਰੇਲ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਪੁਲਿਸ ਵੱਲੋਂ ਮਾਮਲਾ ਐਕਸਪਲੋਸਿਵ ਐਕਟ ਦੀ ਧਾਰਾ 3, ਰੇਲਵੇ ਐਕਟ ਦੀ ਧਾਰਾ 150 ਅਤੇ UAPA ਤਹਿਤ ਦਰਜ ਕੀਤਾ ਗਿਆ ਹੈ। ਹੁਣ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਮਾਡਿਊਲ ਦੇ ਹੋਰ ਸੰਭਾਵਿਤ ਸਾਥੀਆਂ ਅਤੇ ਵਿਦੇਸ਼ੀ ਕੜੀਆਂ ਬਾਰੇ ਹੋਰ ਖੁਲਾਸੇ ਕੀਤੇ ਜਾ ਸਕਣ। ਇਸ ਦੌਰਾਨ ਪੰਜਾਬ ਰੇਜ਼ਿਸਟੈਂਸ ਫਰੰਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ਨਾਲ ਮਾਮਲੇ ਦੀ ਗੰਭੀਰਤਾ ਹੋਰ ਵੱਧ ਗਈ ਹੈ।
Social Plugin