ਕੋਟਕਪੂਰਾ ਸ਼ਹਿਰ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਲੁੱਟਖੋਹ ਦੀ ਯੋਜਨਾ ਬਣਾਉਂਦੇ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਪੰਜ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਸੰਭਾਵਿਤ ਵਾਰਦਾਤ ਨੂੰ ਸਮੇਂ ਸਿਰ ਨਾਕਾਮ ਬਣਾ ਦਿੱਤਾ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਨਰੇਸ਼ ਕੁਮਾਰ, ਰੋਹਿਤ, ਸੋਨੂ, ਖੁਸ਼ੀਰਾਮ (ਸਾਰੇ ਵਸਨੀਕ ਗਾਂਧੀ ਬਸਤੀ, ਕੋਟਕਪੂਰਾ) ਅਤੇ ਬਲਜਿੰਦਰ ਸਿੰਘ (ਵਸਨੀਕ ਜੀਵਨ ਨਗਰ) ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ ਕਾਪਾ, ਤਿੰਨ ਖੰਡੇ ਅਤੇ ਇੱਕ ਗੰਡਾਸੀ ਬਰਾਮਦ ਕੀਤੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਅਤੇ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਥਾਣਾ ਸਿਟੀ ਕੋਟਕਪੂਰਾ ਦੇ ਐਸਐਚਓ ਇੰਸਪੈਕਟਰ ਚਮਕੌਰ ਸਿੰਘ ਦੀ ਨਿਗਰਾਨੀ ਵਿੱਚ ਕੀਤੀ ਗਈ। ਏਐਸਆਈ ਭੁਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਗਸ਼ਤ ਅਤੇ ਚੈਕਿੰਗ ’ਤੇ ਸੀ, ਜਦੋਂ ਤਿਕੋਣੀ ਚੌਂਕ ਨੇੜੇ ਮੌਜੂਦਗੀ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮੋਗਾ ਰੋਡ ’ਤੇ ਨਵੀਂ ਦਾਣਾ ਮੰਡੀ ਨੇੜੇ ਕੁਝ ਵਿਅਕਤੀ ਲੁੱਟਖੋਹ ਦੀ ਯੋਜਨਾ ਬਣਾ ਰਹੇ ਹਨ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਛਾਪਾ ਮਾਰ ਕੇ ਪੰਜਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਸੰਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ।
ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਸਮਾਜ ਵਿਰੋਧੀ ਅੰਸਰਾਂ ਖ਼ਿਲਾਫ਼ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਕੀਤੇ ਗਏ ਪੰਜਾਂ ਵਿੱਚੋਂ ਦੋ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਸੰਭਾਵਿਤ ਅਪਰਾਧਾਂ ਬਾਰੇ ਜਾਣਕਾਰੀ ਮਿਲ ਸਕੇ।

Social Plugin