ਲੁਧਿਆਣਾ ਦੇ ਲਾਡੋਵਾਲ ਇਲਾਕੇ ਵਿੱਚ ਇਕ ਮਨੀ ਟਰਾਂਸਫਰ ਦੁਕਾਨ ‘ਤੇ ਲੁੱਟ ਦੀ ਕੋਸ਼ਿਸ਼ ਉਸ ਵੇਲੇ ਨਾਕਾਮ ਹੋ ਗਈ, ਜਦੋਂ ਦੁਕਾਨ ‘ਚ ਮੌਜੂਦ ਲੜਕੀ ਨੇ ਬੇਹੱਦ ਹਿੰਮਤ ਦਿਖਾਉਂਦਿਆਂ ਹਥਿਆਰਬੰਦ ਲੁਟੇਰੇ ਦਾ ਡਟ ਕੇ ਸਾਹਮਣਾ ਕੀਤਾ। ਇਹ ਘਟਨਾ ਹੰਬੜਾ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਮੁੱਖ ਬਾਜ਼ਾਰ ਦੀ ਹੈ, ਜਿੱਥੇ ਨਕਾਬਪੋਸ਼ ਲੁਟੇਰਾ ਚਾਕੂ ਲੈ ਕੇ ਦੁਕਾਨ ਵਿੱਚ ਦਾਖਲ ਹੋਇਆ।
ਸੀਸੀਟੀਵੀ ਫੁਟੇਜ ਅਨੁਸਾਰ, ਲੁਟੇਰਾ ਮੂੰਹ ਢੱਕ ਕੇ ਅੰਦਰ ਆਇਆ ਅਤੇ ਦੁਕਾਨ ‘ਚ ਮੌਜੂਦ ਸੋਨੀ ਵਰਮਾ ਵੱਲ ਚਾਕੂ ਤਾਨ ਕੇ ਕਾਲਾ ਲਿਫਾਫਾ ਦਿਖਾਉਂਦਿਆਂ ਨਕਦੀ ਉਸ ਵਿੱਚ ਪਾਉਣ ਦੀ ਧਮਕੀ ਦੇਣ ਲੱਗਾ। ਇਸ ਦੌਰਾਨ ਜਦੋਂ ਉਹ ਦਰਾਜ਼ ਵੱਲ ਵਧਿਆ, ਤਾਂ ਸੋਨੀ ਨੇ ਬਿਨਾਂ ਡਰੇ ਉਸ ‘ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸਦਾ ਸਿਰ ਫੜ ਲਿਆ। ਦੋਵਾਂ ਵਿਚਕਾਰ ਕੁਝ ਸਕਿੰਟਾਂ ਲਈ ਹੱਥਾਪਾਈ ਹੋਈ।
ਲੜਕੀ ਦੀ ਅਚਾਨਕ ਦਲੇਰੀ ਅਤੇ ਹਿੰਮਤ ਨਾਲ ਘਬਰਾਇਆ ਲੁਟੇਰਾ ਆਪਣੇ ਆਪ ਨੂੰ ਛੁਡਾ ਕੇ ਭੱਜ ਗਿਆ। ਭੱਜਦੇ ਸਮੇਂ ਉਹ ਆਪਣਾ ਚਾਕੂ ਵੀ ਦੁਕਾਨ ਵਿੱਚ ਹੀ ਛੱਡ ਗਿਆ। ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਲੁਟੇਰੇ ਦੇ ਭੱਜਣ ਮਗਰੋਂ ਸੋਨੀ ਦੁਕਾਨ ਤੋਂ ਬਾਹਰ ਨਿਕਲ ਕੇ ਚੀਕਾਂ ਮਾਰਦੀ ਹੋਈ ਉਸਦਾ ਕੁਝ ਦੂਰ ਤੱਕ ਪਿੱਛਾ ਵੀ ਕਰਦੀ ਹੈ, ਹਾਲਾਂਕਿ ਦੋਸ਼ੀ ਫਰਾਰ ਹੋਣ ਵਿੱਚ ਕਾਮਯਾਬ ਰਹਿੰਦਾ ਹੈ।
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਲਾਕੇ ਦੇ ਲੋਕ ਸੋਨੀ ਵਰਮਾ ਦੀ ਹਿੰਮਤ ਦੀ ਖੁੱਲ੍ਹ ਕੇ ਤਾਰੀਫ਼ ਕਰ ਰਹੇ ਹਨ। ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਲਾਡੋਵਾਲ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਲੁਟੇਰੇ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਦੀ ਸੂਝਬੂਝ ਅਤੇ ਦਲੇਰੀ ਕਾਰਨ ਇਕ ਵੱਡੀ ਵਾਰਦਾਤ ਹੋਣ ਤੋਂ ਬਚ ਗਈ।

Social Plugin