Chandigarh ‘ਚ ਹਵਾ ਪ੍ਰਦੂਸ਼ਣ ਸੁਧਾਰਨ ਦੀ ਯੋਜਨਾ, ਸ਼ਮਸ਼ਾਨ ਘਾਟਾਂ ’ਤੇ ਫੋਕਸ
ਚੰਡੀਗੜ੍ਹ, 29 ਸਤੰਬਰ – ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਚੰਡੀਗੜ੍ਹ ਨਗਰ ਨਿਗਮ ਨੇ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (NCAP) ਤਹਿਤ ਇੱਕ ਵੱਡੀ ਯੋਜਨਾ ਤਿਆਰ ਕੀਤੀ ਹੈ। ਯੋਜਨਾ ਵਿੱਚ ਸ਼ਮਸ਼ਾਨ ਘਾਟਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਈ ਕਦਮ ਸ਼ਾਮਲ ਕੀਤੇ ਗਏ ਹਨ। ਸੈਕਟਰ-25 ਸਥਿਤ ਸ਼ਮਸ਼ਾਨ ਘਾਟ ਵਿੱਚ LPG ਆਧਾਰਿਤ ਅੰਤਿਮ ਸੰਸਕਾਰ ਪ੍ਰਣਾਲੀ ਨੂੰ ਇਲੈਕਟ੍ਰਿਕ ਸਿਸਟਮ ਵਿੱਚ ਬਦਲਣ ਦਾ ਪ੍ਰਸਤਾਵ ਹੈ। ਇਸ ’ਤੇ ਕਰੀਬ 2.73 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।
ਇੱਥੇ ਚਿਤਾਵਾਂ ਉੱਪਰ ਰਿਟਰੈਕਟੇਬਲ ਹੁੱਡ ਲਗਾਏ ਜਾਣਗੇ, ਜੋ ਧੂੰਏਂ ਨੂੰ ਇਕੱਠਾ ਕਰਕੇ ਡਕਟਿੰਗ ਸਿਸਟਮ ਰਾਹੀਂ ਵੈੱਟ ਸਕ੍ਰਬਰ ਤੱਕ ਪਹੁੰਚਾਉਣਗੇ। ਇਸ ਨਾਲ ਧੂੰਏਂ ਵਿੱਚ ਮੌਜੂਦ ਪ੍ਰਦੂਸ਼ਕ ਤੱਤਾਂ ਨੂੰ ਕੰਟਰੋਲ ਕਰਨ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਨਵਾਂ ਇਲੈਕਟ੍ਰਿਕ ਸ਼ਮਸ਼ਾਨ ਘਾਟ ਵਿਕਸਤ ਕਰਨ ਦੀ ਵੀ ਯੋਜਨਾ ਹੈ। ਇਸ ਲਈ ਕਰੀਬ 3.57 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਨਗਰ ਨਿਗਮ ਵੱਲੋਂ ਧੂੜ ਅਤੇ ਸੜਕਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਲਈ ਜੈਟਿੰਗ ਮਸ਼ੀਨਾਂ, ਰੋਡ ਸਵੀਪਰ ਅਤੇ ਸਕਸ਼ਨ ਮਸ਼ੀਨਾਂ ਖਰੀਦਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੜਕਾਂ ਦੇ ਸੁਧਾਰ ਲਈ ਵੀ 10 ਕਰੋੜ ਰੁਪਏ ਤੋਂ ਵੱਧ ਖਰਚ ਕਰਨ ਦਾ ਪ੍ਰਸਤਾਵ ਹੈ। ਯੋਜਨਾ ਤਹਿਤ ਹਰਿਆਲੀ ਵਧਾਉਣ, ਮਿਆਵਾਕੀ ਫ਼ਾਰੇਸਟ ਅਤੇ ਗ੍ਰੀਨ ਬੈਲਟ ਵਿਕਸਤ ਕਰਨ ਲਈ 3 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਟ੍ਰੈਫਿਕ ਪ੍ਰਬੰਧਨ ਲਈ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਅਤੇ ਹਵਾ ਪ੍ਰਦੂਸ਼ਣ ਬਾਰੇ ਜਨਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ। ਨਗਰ ਨਿਗਮ ਨੇ ਇਨ੍ਹਾਂ ਪ੍ਰਾਜੈਕਟਾਂ ਦੀ ਮਨਜ਼ੂਰੀ ਅਤੇ ਫੰਡ ਜਾਰੀ ਕਰਨ ਲਈ ਪ੍ਰਸਤਾਵ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੂੰ ਭੇਜੇ ਹਨ।
ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਚੰਡੀਗੜ੍ਹ ਵਿੱਚ PM10 ਦਾ ਔਸਤ ਪੱਧਰ 2024-25 ਵਿੱਚ 114 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ, ਜੋ 2025-26 ਵਿੱਚ ਘਟ ਕੇ 90 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਹਿ ਗਿਆ। ਇਸ ਤਰ੍ਹਾਂ ਇੱਕ ਸਾਲ ਵਿੱਚ 26 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਕਮੀ ਦਰਜ ਕੀਤੀ ਗਈ। ਇਸ ਪ੍ਰਦਰਸ਼ਨ ਤੋਂ ਬਾਅਦ 2026-27 ਲਈ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਤਹਿਤ ਚੰਡੀਗੜ੍ਹ ਦੀ ਫੰਡਿੰਗ ਵਧਾ ਕੇ 53.27 ਕਰੋੜ ਰੁਪਏ ਕਰ ਦਿੱਤੀ ਗਈ ਹੈ। 2025-26 ਵਿੱਚ ਇਹ ਰਕਮ 13.95 ਕਰੋੜ ਰੁਪਏ ਸੀ।

Social Plugin