Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

Punjab ‘ਚ ਵਧਿਆ ਮੋਟਾਪਾ, ਤੰਬਾਕੂ ਤੇ ਸ਼ਰਾਬ ਦੀ ਵਰਤੋਂ ਦੇ ਅੰਕੜੇ ਵੀ ਪੜ੍ਹੋ

 

Punjab ‘ਚ ਵਧਿਆ ਮੋਟਾਪਾ, ਤੰਬਾਕੂ ਤੇ ਸ਼ਰਾਬ ਦੀ ਵਰਤੋਂ ਦੇ ਅੰਕੜੇ ਵੀ ਪੜ੍ਹੋ

ਚੰਡੀਗੜ੍ਹ, 25 ਅਗਸਤ (ਵਿਸ਼ਵ ਵਾਰਤਾ) – ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੇ ਨਾਲ-ਨਾਲ ਮੋਟਾਪਾ ਅਤੇ ਹੋਰ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵੀ ਸਿਹਤ ਲਈ ਵੱਡੀ ਚੁਣੌਤੀ ਬਣਦੀਆਂ ਜਾ ਰਹੀਆਂ ਹਨ। 23 ਅਗਸਤ ਨੂੰ ਜਾਰੀ ਹੋਈ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (NFHS-6) 2023-24 ਦੀ ਰਿਪੋਰਟ ਵਿੱਚ ਪੰਜਾਬ ਦੇ ਲੋਕਾਂ ਦੀ ਸਿਹਤ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਸਬੰਧੀ ਕਈ ਦਿਲਚਸਪ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਅਨੁਸਾਰ ਪੰਜਾਬ ਵਿੱਚ 15 ਤੋਂ 49 ਸਾਲ ਦੀ ਉਮਰ ਵਰਗ ਦੀਆਂ 44.7 ਫੀਸਦੀ ਔਰਤਾਂ ਓਵਰਵੇਟ ਜਾਂ ਮੋਟਾਪੇ ਦੀ ਸ਼੍ਰੇਣੀ ਵਿੱਚ ਹਨ। ਪਿਛਲੇ NFHS-5 ਸਰਵੇਖਣ ਵਿੱਚ ਇਹ ਅੰਕੜਾ 40.8 ਫੀਸਦੀ ਸੀ। ਇਸੇ ਤਰ੍ਹਾਂ ਪੁਰਸ਼ਾਂ ਵਿੱਚ ਵੀ ਓਵਰਵੇਟ ਜਾਂ ਮੋਟਾਪੇ ਦੀ ਸਮੱਸਿਆ ਵਧੀ ਹੈ ਅਤੇ ਇਹ ਅੰਕੜਾ 32.3 ਫੀਸਦੀ ਤੋਂ ਵਧ ਕੇ 37.5 ਫੀਸਦੀ ਹੋ ਗਿਆ ਹੈ।

ਜ਼ਿਲ੍ਹਾ ਪੱਧਰ ‘ਤੇ ਔਰਤਾਂ ਵਿੱਚ ਓਵਰਵੇਟ ਜਾਂ ਮੋਟਾਪੇ ਦਾ ਸਭ ਤੋਂ ਵੱਧ ਅੰਕੜਾ ਪਟਿਆਲਾ ਵਿੱਚ 50.2 ਫੀਸਦੀ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਸ਼ਿਆਰਪੁਰ ਵਿੱਚ 50 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 49.5 ਫੀਸਦੀ, ਨਵਾਂਸ਼ਹਿਰ ਵਿੱਚ 47.8 ਫੀਸਦੀ, ਰੋਪੜ ਵਿੱਚ 47 ਫੀਸਦੀ ਅਤੇ ਲੁਧਿਆਣਾ ਵਿੱਚ 47.7 ਫੀਸਦੀ ਔਰਤਾਂ ਇਸ ਸ਼੍ਰੇਣੀ ਵਿੱਚ ਹਨ।

ਪੰਜਾਬ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 13.9 ਫੀਸਦੀ ਪੁਰਸ਼ ਅਤੇ 0.5 ਫੀਸਦੀ ਔਰਤਾਂ ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦੀਆਂ ਹਨ। ਜ਼ਿਲ੍ਹਿਆਂ ਵਿੱਚ ਪੁਰਸ਼ਾਂ ਵੱਲੋਂ ਤੰਬਾਕੂ ਦੀ ਵਰਤੋਂ ਸਭ ਤੋਂ ਵੱਧ ਪਠਾਨਕੋਟ ਵਿੱਚ 20 ਫੀਸਦੀ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਮੁਹਾਲੀ ਵਿੱਚ 18.4 ਫੀਸਦੀ, ਫਾਜ਼ਿਲਕਾ ਵਿੱਚ 18 ਫੀਸਦੀ ਅਤੇ ਹੁਸ਼ਿਆਰਪੁਰ ਵਿੱਚ 17 ਫੀਸਦੀ ਪੁਰਸ਼ ਤੰਬਾਕੂ ਦੀ ਵਰਤੋਂ ਕਰਦੇ ਹਨ। ਔਰਤਾਂ ਵਿੱਚ ਤੰਬਾਕੂ ਦੀ ਵਰਤੋਂ ਦੇ ਮਾਮਲੇ ਵਿੱਚ ਮੋਗਾ 1 ਫੀਸਦੀ ਨਾਲ ਸਭ ਤੋਂ ਅੱਗੇ ਹੈ। ਜਦਕਿ ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਰੋਪੜ ਵਿੱਚ ਇਹ ਅੰਕੜਾ 0.9 ਫੀਸਦੀ ਦਰਜ ਕੀਤਾ ਗਿਆ ਹੈ।

NFHS-6 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 22.9 ਫੀਸਦੀ ਪੁਰਸ਼ ਸ਼ਰਾਬ ਦਾ ਸੇਵਨ ਕਰਦੇ ਹਨ, ਜਦਕਿ ਔਰਤਾਂ ਵਿੱਚ ਇਹ ਅੰਕੜਾ 0.3 ਫੀਸਦੀ ਹੈ। ਜ਼ਿਲ੍ਹਾ ਪੱਧਰ ‘ਤੇ ਪੁਰਸ਼ਾਂ ਵਿੱਚ ਸ਼ਰਾਬ ਪੀਣ ਦਾ ਸਭ ਤੋਂ ਵੱਧ ਅੰਕੜਾ ਫਰੀਦਕੋਟ ਵਿੱਚ 28.1 ਫੀਸਦੀ ਹੈ। ਇਸ ਤੋਂ ਬਾਅਦ ਪਠਾਨਕੋਟ ਵਿੱਚ 26.9 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 26.3 ਫੀਸਦੀ, ਕਪੂਰਥਲਾ ਅਤੇ ਰੋਪੜ ਵਿੱਚ 25.5 ਫੀਸਦੀ ਅਤੇ ਮਾਨਸਾ ਵਿੱਚ 24.8 ਫੀਸਦੀ ਪੁਰਸ਼ ਸ਼ਰਾਬ ਦਾ ਸੇਵਨ ਕਰਦੇ ਹਨ। ਔਰਤਾਂ ਵਿੱਚ ਸ਼ਰਾਬ ਦੀ ਵਰਤੋਂ ਦਾ ਸਭ ਤੋਂ ਵੱਧ ਅੰਕੜਾ ਰੋਪੜ ਵਿੱਚ 0.9 ਫੀਸਦੀ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਮੁਕਤਸਰ ਵਿੱਚ 0.6 ਫੀਸਦੀ ਅਤੇ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ 0.4 ਫੀਸਦੀ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ।

ਰਿਪੋਰਟ ਮੁਤਾਬਕ ਪੰਜਾਬ ਵਿੱਚ 15 ਸਾਲ ਤੋਂ ਵੱਧ ਉਮਰ ਦੀਆਂ 21.3 ਫੀਸਦੀ ਔਰਤਾਂ ਅਤੇ 22.3 ਫੀਸਦੀ ਪੁਰਸ਼ਾਂ ਦਾ ਬਲੱਡ ਸ਼ੂਗਰ ਪੱਧਰ 140 mg/dl ਤੋਂ ਵੱਧ ਪਾਇਆ ਗਿਆ ਜਾਂ ਉਹ ਸ਼ੂਗਰ ਦੀ ਦਵਾਈ ਲੈ ਰਹੇ ਸਨ। ਅੰਮ੍ਰਿਤਸਰ ਵਿੱਚ ਇਹ ਅੰਕੜਾ ਔਰਤਾਂ ਲਈ 27.5 ਫੀਸਦੀ ਅਤੇ ਪੁਰਸ਼ਾਂ ਲਈ 27.8 ਫੀਸਦੀ ਰਿਹਾ। ਕਪੂਰਥਲਾ ਵਿੱਚ 26 ਫੀਸਦੀ ਔਰਤਾਂ ਅਤੇ 26.6 ਫੀਸਦੀ ਪੁਰਸ਼ ਇਸ ਸ਼੍ਰੇਣੀ ਵਿੱਚ ਪਾਏ ਗਏ। ਉੱਥੇ ਹੀ ਹਾਈ ਬਲੱਡ ਪ੍ਰੈਸ਼ਰ ਨਾਲ ਪੰਜਾਬ ਵਿੱਚ 24.5 ਫੀਸਦੀ ਔਰਤਾਂ ਅਤੇ 26.3 ਫੀਸਦੀ ਪੁਰਸ਼ ਪ੍ਰਭਾਵਿਤ ਹਨ। ਪਟਿਆਲਾ ਵਿੱਚ ਇਹ ਅੰਕੜਾ ਸਭ ਤੋਂ ਚਿੰਤਾਜਨਕ ਹੈ, ਜਿੱਥੇ 32.8 ਫੀਸਦੀ ਔਰਤਾਂ ਅਤੇ 36.4 ਫੀਸਦੀ ਪੁਰਸ਼ ਹਾਈ ਬਲੱਡ ਪ੍ਰੈਸ਼ਰ ਦੀ ਸ਼੍ਰੇਣੀ ਵਿੱਚ ਦਰਜ ਕੀਤੇ ਗਏ ਹਨ।

NFHS-6 ਸਰਵੇਖਣ ਤਹਿਤ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਦੇ 19,616 ਘਰਾਂ ਨੂੰ ਸ਼ਾਮਲ ਕੀਤਾ ਗਿਆ। ਸਰਵੇ ਵਿੱਚ 20,135 ਔਰਤਾਂ ਅਤੇ 3,160 ਪੁਰਸ਼ਾਂ ਨਾਲ ਸਬੰਧਤ ਅੰਕੜੇ ਇਕੱਠੇ ਕੀਤੇ ਗਏ। ਰਿਪੋਰਟ ਵਿੱਚ ‘ਨਸ਼ੇ’ ਦੀ ਸ਼੍ਰੇਣੀ ਤਹਿਤ ਮੁੱਖ ਤੌਰ ‘ਤੇ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਸਬੰਧੀ ਅੰਕੜੇ ਦਿੱਤੇ ਗਏ ਹਨ। ਚਿੱਟਾ, ਹੈਰੋਇਨ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਲਤ ਸਬੰਧੀ ਜ਼ਿਲ੍ਹਾ ਪੱਧਰ ਦੇ ਵੱਖਰੇ ਅੰਕੜੇ ਇਸ ਰਿਪੋਰਟ ਵਿੱਚ ਸ਼ਾਮਲ ਨਹੀਂ ਹਨ।