Punjab: ਮਹਿਲਾ ਖੁਦਕੁਸ਼ੀ ਮਾਮਲਾ: ਕਸੂਰਵਾਰਾਂ ਦੀ ਗ੍ਰਿਫਤਾਰੀ ਲਈ ਪਹਿਲਾ ਘੇਰਿਆ ਥਾਣਾ, ਫੇਰ ਸੜਕ ‘ਤੇ ਲਾਇਆ ਜਾਮ
– ਅੱਠਵੇਂ ਦਿਨ ਵੀ ਸਸਕਾਰ ਤੋਂ ਕੀਤਾ ਇਨਕਾਰ
– ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ ਘਿਰਾਓ ਰੱਖਣ ਦਾ ਫੈਸਲਾ
ਮਾਨਸਾ , 10 ਅਗਸਤ (ਵਿਸ਼ਵ ਵਾਰਤਾ): ਪਿੰਡ ਬੁਰਜ ਝੱਬਰ ਦੀ ਇਕ ਮਹਿਲਾ ਵੱਲੋਂ ਸਕੂਲ ਹਿੱਸੇਦਾਰੀ ਦੀ ਦੇਣਦਾਰੀ ਨਾ ਦੇਣ ਬਦਲੇ ਜਹਿਲੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਚ ਪੀੜਤ ਧਿਰ ਨੇ ਥਾਣਾ ਜੋਗਾ ਮੂਹਰੇ ਪੱਕਾ ਧਰਨਾ ਲਾ ਦਿੱਤਾ ਹੈ। ਬਾਅਦ ਵਿਚ ਉਨ੍ਹਾਂ ਮਾਨਸਾ-ਬਰਨਾਲਾ ਮਾਰਗ ਤੇ ਸੜਕ ਤੇ ਜਾਮ ਲਾ ਦਿੱਤਾ। ਐਤਵਾਰ ਨੂੰ ਧਰਨਕਾਰੀਆਂ ਨੇ ਪੁਲਿਸ ਤੇ ਕਸੂਰਵਾਰਾਂ ਨਾਲ ਮਿਲੇ ਹੋਣ ਤੇ 8 ਦਿਨ ਬਾਅਦ ਵੀ ਗਿਰਫਤਾਰੀ ਨਾ ਕਰਨ ਦਾ ਦੋਸ ਲਾਉਂਦਿਆਂ ਕਿਹਾ ਹੈ ਕਿ ਜਦੋਂ ਤੱਕ ਕਸੂਰਵਾਰ ਪੁਲਿਸ ਨਹੀਂ ਫੜਦੀ, ਉਦੋਂ ਤੱਕ ਮਿਰਤਕਾ ਦਾ ਅੱਤਿਮ ਸਸਕਾਰ ਨਹੀਂ ਹੋਵੇਗਾ। 9 ਮੈਂਬਰੀ ਸੰਘਰਸ਼ ਕਮੇਟੀ ਨੇ ਥਾਣਾ ਜੋਗਾ ਮੂਹਰੇ ਟੈਂਟ ਲਾ ਕੇ ਪੱਕਾ ਮੋਰਚਾ ਲਾ ਦਿੱਤਾ ਹੈ। ਉਨ੍ਹਾਂ ਦੇ ਨਾਲ ਕਿਸਾਨ ਜਥੇਬੰਦੀਆਂ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ, ਪਿੰਡ ਵਾਸੀ ਸ਼ਾਮਲ ਹੋਏ ਹਨ। ਉਨ੍ਹਾਂ ਰੋਡ ਤੇ ਜਾਮ ਲਾ ਕੇ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂ ਬੇਅੰਤ ਸਿੰਘ ਨੇ ਕਿਹਾ ਕਿ ਸਕੂਲ ਹਿੱਸੇਦਾਰੀ ਚ ਲੱਖਾ ਸਿੰਘ ਨੇ ਆਪਣੀ ਜ਼ਮੀਨ ਵੇਚਕੇ ਪੈਸੇ ਦਿੱਤੇ। ਜਗਤਾਰ ਸਿੰਘ ਤੇ ਉਸਦੀ ਪਤਨੀ ਨੇ ਇਸ ਵਿਚ ਹੇਰਫੇਰ ਕੀਤਾ। ਜ਼ਮੀਨ ਹੱਥੋਂ ਜਾਣ ਤੇ ਕਰੋੜਾਂ ਰੁਪਏ ਦੀ ਧੋਖਾਧੜੀ ਤੋਂ ਪ੍ਰੇਸ਼ਾਨ ਹੋ ਕੇ ਉਸਦੀ ਪਤਨੀ ਕਿਰਨਜੀਤ ਕੌਰ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ।ਅੱਠ ਦਿਨ ਇਹ ਘਟਨਾ ਵਾਪਰੀ ਨੂੰ ਹੋ ਗਏ,ਪਰ ਕਸੂਰਵਾਰ ਪਤੀ ਪਤਨੀ ਨੂੰ ਜਾਣ ਬੁੱਝ ਕੇ ਗਿਰਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਿਰਫ਼ਤਾਰ ਕਰਕੇ ਉਨ੍ਹਾਂ ਨਾਲ ਹੋਈ ਕਰੋੜਾਂ ਰੁਪਏ ਦੀ ਠੱਗੀ ਚ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਮੋਰਚਾ ਇਨਸਾਫ ਨਾ ਮਿਲਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਠੱਗੀ ਤੇ ਪਰਦਾ ਪਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤੇ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ,ਜਦਕਿ ਇਸ ਮਾਮਲੇ ਦੀ ਸੰਜੀਦਗੀ ਤੇ ਗੰਭੀਰਤਾ ਨਾਲ ਜਾਂਚ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ,ਪਰ ਹੈਰਾਨੀ ਤੇ ਪ੍ਰੇਸ਼ਾਨੀ ਇਹ ਹੈ ਕਿ ਪਰਿਵਾਰ ਨਾਲ ਠੱਗੀ ਵੱਜਣ ਤੇ ਤਿੰਨ ਬੱਚਿਆਂ ਦੀ ਮਾਂ ਦੀ ਮੌਤ ਹੋ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਦੋਵਾਂ ਧਿਰਾਂ ਦੇ ਮੋਬਾਈਲ ਫੋਨ ਫਰੋਲਣ ਦੀ ਗੱਲ ਕਹਿੰਦਿਆਂ ਕਿਹਾ ਕਿ ਇਸ ਨਾਲ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇਗਾ,ਪਰ ਪੁਲਿਸ ਇਹ ਨਹੀਂ ਕਰ ਰਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਡੱਟਕੇ ਨਾਅਰੇਬਾਜ਼ੀ ਕੀਤੀ।
ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲੀਸ ਦੀ ਕਾਰਵਾਈ ਚ ਕੋਈ ਢਿੱਲ ਨਹੀਂ, ਮੁਲਜ਼ਮ ਹਾਲੇ ਫਰਾਰ ਹਨ। ਉਨ੍ਹਾਂ ਦੀ ਭਾਲ਼ ਲਗਾਤਾਰ ਜਾਰੀ ਹੈ, ਛੇਤੀਂ ਹੀ ਉਹ ਪੁਲਿਸ ਦੀ ਗਿਰਫਤ ਚ ਹੋਣਗੇ।
ਅੱਠਵੇਂ ਦਿਨ ਸਸਕਾਰ ਨਾ ਕਰਨਾ ਬਣਿਆ ਸਿਰਦਰਦੀ –
ਸਕੂਲ ਹਿੱਸਦਾਰ ਲੱਖਾ ਸਿੰਘ ਦੀ ਪਤਨੀ ਨੇ 2 ਅਗਸਤ ਨੂੰ ਘਰ ਚ ਦੁਖੀ ਹੋ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ।ਉਸਦੀ ਮਿਰਤਕ ਦੇਹ ਸਿਵਲ ਹਸਪਤਾਲ ਦੇ ਮੁਰਦਾਘਰ ਚ ਰੱਖੀ ਹੋਈ ਹੈ।ਅੱਠ ਦਿਨ ਬੀਤ ਜਾਣ ਉਪਰੰਤ ਕਿਰਨਜੀਤ ਕੌਰ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਪੀੜਤ ਪਰਿਵਾਰ ਹਾਲੇ ਵੀ ਕਸੂਰਵਾਰਾਂ ਦੀ ਗਿਰਫਤਾਰੀ ਤੱਕ ਸਸਕਾਰ ਨਾ ਕਰਨ ਤੇ ਅੜਿਆ ਹੋਇਆ ਹੈ।ਇਹ ਪੁਲਿਸ ਪ੍ਰਸ਼ਾਸਨ ਲਈ ਸਿਰਦਰਦੀ ਬਣ ਗਿਆ ਹੈ।ਪੀੜਤ ਧਿਰ ਨੇ ਇਸ ਮੰਗ ਨੂੰ ਲੈ ਕੇ ਥਾਣੇ ਜੋਗਾ ਅੱਗੇ ਪੱਕਾ ਧਰਨਾ ਲਾ ਦਿੱਤਾ ਹੈ। ਥਾਣੇ ਦੇ ਘਿਰਾਓ ਨੂੰ ਲੈ ਕੇ ਡੀ ਐਸ ਪੀ ਹਰਜਿੰਦਰ ਸਿੰਘ ਗਿੱਲ ਪੁੱਜੇ ਤੇ ਉਹਨਾਂ ਧਰਨਕਾਰੀਆਂ ਨੂੰ ਭਰੋਸਾ ਦਿੱਤਾ,ਪਰ ਪੀੜਤ ਧਿਰ ਨੇ ਧਰਨਾ ਹਟਾਉਣ ਤੋਂ ਨਾਂਹ ਕਰ ਦਿੱਤੀ। –
ਕੀ ਹੈ ਮਾਮਲਾ –
ਪਿੰਡ ਅਕਲੀਆ ਵਿਖੇ ਤਿੰਨ ਹਿੱਸੇਦਾਰਾਂ ਲੱਖਾ ਸਿੰਘ, ਜਗਤਾਰ ਸਿੰਘ ਤੇ ਇਕ ਹੋਰ ਵਿਅਕਤੀ ਨੇ ਮਿਲਕੇ ਐਲਪਾਈਨ ਵੈਲੀ ਸਕੂਲ ਖੋਲ੍ਹਿਆ ਸੀ।ਲੱਖਾ ਸਿੰਘ ਅਨੁਸਾਰ ਉਸਨੇ ਸਾਲਾਂ ਪਹਿਲਾਂ ਆਪਣੀ ਖੇਤੀ ਵਾਲੀ ਜ਼ਮੀਨ ਵੇਚਕੇ ਸਕੂਲ ਚ ਪੈਸੇ ਪਾਏ ਸਨ। ਜਗਤਾਰ ਸਿੰਘ ਤੇ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਮਿਲ ਗਈ ਜਦੋਂ ਉਨਾਂ ਸਕੂਲ ਚੋ ਆਪਣੇ ਹਿੱਸੇ ਦੇ ਪੈਸੇ ਮੰਗੇ ਤਾਂ ਉਲਟਾ ਉਨ੍ਹਾਂ ਵੱਲ ਲੱਖਾਂ ਰੁਪਏ ਦੀ ਲੈਣਦਾਰੀ ਕੱਢ ਦਿੱਤੀ।ਇਸ ਤੋਂ ਦੁਖੀ ਹੋ ਕੇ ਲੰਖਾ ਸਿੰਘ ਦੀ ਪਤਨੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ। ਜੋਗਾ ਪੁਹੰਚ ਨੇ ਲੱਖਾ ਸਿੰਘ ਦੇ ਬਿਆਨ ਤੇ ਅਧਿਆਪਕ ਜੋੜੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਜਦੋਂ ਕਿ ਦੂਜੇ ਪਾਸੇ ਜਗਤਾਰ ਸਿੰਘ ਦਾ ਪਰਿਵਾਰ ਲੱਖਾ ਸਿੰਘ ਵੱਲੋਂ ਸਕੂਲ ਤੋਂ ਪੈਸੇ ਲੈਣ ਤੇ ਪਤਨੀ ਦੀ ਖੁਦਕੁਸ਼ੀ ਕਰਨ ਦੇ ਹੋਰ ਕਾਰਨ ਹੋਣ ਦੀ ਗੱਲ ਕਹਿ ਰਿਹਾ ਹੈ।
Social Plugin