Canada ‘ਚ ਪੰਜਾਬਣ ਮੁਟਿਆਰ ਦਾ ਗੋਲੀ ਮਾਰ ਕੇ ਕਤਲ
ਚੰਡੀਗੜ੍ਹ, 26 ਜੁਲਾਈ (ਵਿਸ਼ਵ ਵਾਰਤਾ): ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਪੰਜਾਬਣ ਮੁਟਿਆਰ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਨਵਨੀਤ ਕੌਰ (26) ਵੱਜੋਂ ਹੋਈ ਹੈ। ਇਹ ਕਤਲ ਦੀ ਵਾਰਦਾਤ 24 ਜੁਲਾਈ ਨੂੰ ਵਾਪਰੀ ਦੱਸੀ ਜਾ ਰਹੀ ਹੈ। ਕੈਨੇਡਾ ਦੀ ਪੁਲਿਸ ਨੇ ਇਸ ਕਤਲ ਮਾਮਲੇ ‘ਚ ਇਕ 37 ਸਾਲਾ ਨੌਜਵਾਨ ਸ਼ਰਨਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇਸ ਕਤਲ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ‘ਤੇ ਫਸਟ ਡਿਗਰੀ ਕਤਲ ਅਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਾਏ ਹਨ। ਕਤਲ ਤੋਂ ਬਾਅਦ ਮੁਲਜ਼ਮ ਨੇ ਉੱਥੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਮ੍ਰਿਤਕ ਨਵਨੀਤ ਅਤੇ ਮੁਲਜ਼ਮ ਵਿਚਕਾਰ ਕਤਲ ਤੋਂ ਪਹਿਲਾਂ ਗੱਲਬਾਤ ਹੋਈ, ਉਸ ਤੋਂ ਬਾਅਦ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਇਸ ਸਮੇਂ ਕਤਲ ਦੇ ਪਿੱਛੇ ਦੇ ਉਦੇਸ਼ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਜਨਤਾ ਨੂੰ ਇਸ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਹੋਣ ‘ਤੇ ਪੁਲਿਸ ਜਾਂ ਕ੍ਰਾਈਮ ਸਟੌਪਰਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Social Plugin