ਸਪੈਸ਼ਲ ਇੰਟੈਂਸਿਵ ਰਵੀਜ਼ਨ-2026: ਏ.ਡੀ.ਸੀ. (ਜਨਰਲ) ਗੀਤਿਕਾ ਸਿੰਘ ਵੱਲੋਂ ਵੱਖ-ਵੱਖ ਬੂਥਾਂ ਦਾ ਦੌਰਾ, ਬੀ.ਐਲ.ਓਜ਼ ਨੂੰ ਕੀਤਾ ਉਤਸ਼ਾਹਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜੂਨ (ਸਤੀਸ਼ ਕੁਮਾਰ ਪੱਪੀ);- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.-2026) ਤਹਿਤ ਐਨਯੂਮੇਰੇਸ਼ਨ ਫਾਰਮਾਂ ਦੀ ਵੰਡ ਅਤੇ ਭਰਨ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਗੀਤਿਕਾ ਸਿੰਘ ਨੇ ਅੱਜ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ।
ਦੌਰੇ ਦੌਰਾਨ ਉਨ੍ਹਾਂ ਨੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਐਨਯੂਮੇਰੇਸ਼ਨ ਫਾਰਮ ਭਰਵਾਉਣ ਅਤੇ ਹਰ ਯੋਗ ਵੋਟਰ ਤੱਕ ਪਹੁੰਚ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਐੱਸ.ਆਈ.ਆਰ.-2026 ਤਹਿਤ ਆਪਣੇ ਐਨਯੂਮੇਰੇਸ਼ਨ ਫਾਰਮ ਸਮੇਂ ਸਿਰ ਭਰ ਕੇ ਸਬੰਧਤ ਬੀ.ਐਲ.ਓ. ਕੋਲ ਜਮ੍ਹਾਂ ਕਰਵਾਉਣ, ਤਾਂ ਜੋ ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਸੰਪੂਰਨਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਸ੍ਰੀਮਤੀ ਗੀਤਿਕਾ ਸਿੰਘ ਨੇ ਸੈਕਟਰ-70 ਦੇ ਬੂਥ ਨੰਬਰ 242 ਅਤੇ 255, ਮਟੌਰ ਖੇਤਰ ਦੇ ਬੂਥ ਨੰਬਰ 133, 232, 233, 234 ਅਤੇ 235 ਤੋਂ ਇਲਾਵਾ ਸੈਕਟਰ-78 ਅਤੇ 79 ਦੇ ਵੱਖ-ਵੱਖ ਬੂਥਾਂ ਦਾ ਨਿਰੀਖਣ ਕਰਕੇ ਬੀ.ਐਲ.ਓਜ਼ ਵੱਲੋਂ ਕੀਤੇ ਜਾ ਰਹੇ ਕੰਮ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪੂਰੀ ਲਗਨ, ਜ਼ਿੰਮੇਵਾਰੀ ਅਤੇ ਪਾਰਦਰਸ਼ਤਾ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਯੋਗ ਵੋਟਰ ਐਨਯੂਮੇਰੇਸ਼ਨ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ ਅਤੇ ਸਾਰੇ ਫਾਰਮ ਨਿਰਧਾਰਤ ਸਮੇਂ ਅੰਦਰ ਭਰਵਾਏ ਜਾਣ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਵੀ ਨਿੱਜੀ ਤੌਰ ‘ਤੇ ਵੋਟਰਾਂ ਦੀ ਐਨਯੂਮੇਰੇਸ਼ਨ ਫਾਰਮ ਭਰਨ ਵਿੱਚ ਸਹਾਇਤਾ ਕੀਤੀ ਅਤੇ ਉਨ੍ਹਾਂ ਨੂੰ ਇਸ ਪ੍ਰਕਿਰਿਆ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਚੋਣ ਕਾਨੂੰਗੋ ਵਰੁਣ ਕੁਮਾਰ ਅਤੇ ਜਗਤਾਰ ਸਿੰਘ ਵੀ ਹਾਜ਼ਰ ਸਨ।

Social Plugin