
ਦੇਸ਼ ਦੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਅੱਜ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ। ਸ਼ੁਰੂਆਤੀ ਰੁਝਾਨਾਂ ਵਿੱਚ ਪੱਛਮੀ ਬੰਗਾਲ ਅਤੇ ਅਸਾਮ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਨਦਾਰ ਜਿੱਤ ਵੱਲ ਵਧਦੀ ਦਿਖਾਈ ਦੇ ਰਹੀ ਹੈ। ਪਾਰਟੀ ਦੇ ਇਸ ਬਿਹਤਰੀਨ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਜਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6:30 ਵਜੇ ਪਾਰਟੀ ਦਫ਼ਤਰ ਪਹੁੰਚ ਕੇ ਵਰਕਰਾਂ ਨੂੰ ਸੰਬੋਧਨ ਕਰਨਗੇ।
ਪੱਛਮੀ ਬੰਗਾਲ ਤੋਂ ਮਿਲ ਰਹੇ ਤਾਜ਼ਾ ਰੁਝਾਨਾਂ ਅਨੁਸਾਰ ਭਾਜਪਾ 169 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਮਹਿਜ਼ 91 ਸੀਟਾਂ 'ਤੇ ਸਿਮਟਦੀ ਨਜ਼ਰ ਆ ਰਹੀ ਹੈ। ਇਹ ਰੁਝਾਨ ਸੂਬੇ ਦੀ ਸਿਆਸਤ ਵਿੱਚ ਵੱਡੀ ਤਬਦੀਲੀ ਦਾ ਸੰਕੇਤ ਦੇ ਰਹੇ ਹਨ। ਅੰਕੜਿਆਂ ਮੁਤਾਬਕ ਭਾਜਪਾ ਨੇ ਸਰਹੱਦੀ, ਕਬਾਇਲੀ ਅਤੇ ਉਦਯੋਗਿਕ ਖੇਤਰਾਂ ਵਿੱਚ ਮਜ਼ਬੂਤ ਪਕੜ ਬਣਾਈ ਹੈ, ਜਦਕਿ ਟੀ.ਐਮ.ਸੀ. ਕੋਲਕਾਤਾ ਅਤੇ ਕੁਝ ਪੇਂਡੂ ਗੜ੍ਹਾਂ ਤੱਕ ਸੀਮਤ ਰਹਿ ਗਈ ਹੈ।
ਮੁੱਖ ਮੰਤਰੀ ਮਮਤਾ ਬੈਨਰਜੀ ਲਈ ਇਹ ਚੋਣ ਵੱਕਾਰ ਦਾ ਸਵਾਲ ਬਣੀ ਹੋਈ ਹੈ। ਭਵਾਨੀਪੁਰ ਸੀਟ 'ਤੇ ਬੇਹੱਦ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਗਿਣਤੀ ਦੇ ਦੂਜੇ ਗੇੜ ਵਿੱਚ ਮਮਤਾ ਬੈਨਰਜੀ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਤੋਂ ਪਿੱਛੇ ਚੱਲ ਰਹੇ ਸਨ, ਪਰ ਤੀਜੇ ਗੇੜ ਦੀ ਸਮਾਪਤੀ ਤੋਂ ਬਾਅਦ ਉਹ 8,482 ਵੋਟਾਂ ਦੇ ਫਰਕ ਨਾਲ ਅੱਗੇ ਨਿਕਲ ਗਏ ਹਨ।
ਜਿੱਥੇ ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਆਉਣ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਭਾਜਪਾ 2021 ਦੀ ਹਾਰ ਦਾ ਬਦਲਾ ਲੈ ਕੇ ਬੰਗਾਲ 'ਚ ਇਤਿਹਾਸ ਸਿਰਜਣ ਦੇ ਰਾਹ 'ਤੇ ਹੈ। ਦਿੱਲੀ ਸਥਿਤ ਭਾਜਪਾ ਮੁੱਖ ਦਫ਼ਤਰ ਵਿੱਚ ਵਰਕਰਾਂ ਵੱਲੋਂ ਜੇਤੂ ਨਾਅਰੇ ਲਗਾਏ ਜਾ ਰਹੇ ਹਨ। ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਦੀ ਅਗਲੀ ਰਣਨੀਤੀ ਅਤੇ ਜਿੱਤ ਦੇ ਜਸ਼ਨਾਂ 'ਤੇ ਕੇਂਦਰਿਤ ਰਹੇਗਾ।c
Social Plugin