
ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਕਰੀਬ 40 ਕਿਲੋਮੀਟਰ ਦੂਰ ਨਰਮਦਾ ਨਦੀ 'ਤੇ ਬਣੇ ਬਰਗੀ ਡੈਮ ਵਿੱਚ ਇੱਕ ਕਰੂਜ਼ ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਿਸ਼ਤੀ ਸਵਾਰ ਸਾਰੇ ਲੋਕ ਪਾਣੀ ਵਿੱਚ ਡੁੱਬ ਗਏ, ਜਿਨ੍ਹਾਂ ਵਿੱਚੋਂ ਹੁਣ ਤੱਕ 9 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਬਚਾਅ ਕਾਰਜ ਦੌਰਾਨ ਜਦੋਂ ਨੌਵੀਂ ਲਾਸ਼ ਮਿਲੀ, ਤਾਂ ਉੱਥੇ ਮੌਜੂਦ ਹਰ ਸ਼ਖਸ ਦੀ ਅੱਖ ਨਮ ਹੋ ਗਈ। ਇਹ ਲਾਸ਼ ਇੱਕ ਮਹਿਲਾ ਦੀ ਸੀ, ਜਿਸ ਦੀ ਗੋਦ ਵਿੱਚ ਉਸਦਾ ਤਿੰਨ ਸਾਲ ਦਾ ਬੱਚਾ ਮਾਂ ਨੂੰ ਘੁੱਟ ਕੇ ਚਿਪਕਿਆ ਹੋਇਆ ਸੀ।
ਬਚਾਅ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਮਾਂ-ਪੁੱਤ ਦੀਆਂ ਲਾਸ਼ਾਂ ਨੂੰ ਕਿਨਾਰੇ 'ਤੇ ਲਿਆ ਰਹੇ ਸਨ, ਤਾਂ ਉਹ ਖ਼ੁਦ ਵੀ ਸਦਮੇ ਵਿੱਚ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਨੇ ਲਾਈਫ ਜੈਕਟਾਂ ਪਾਈਆਂ ਹੋਈਆਂ ਸਨ, ਪਰ ਫਿਰ ਵੀ ਇਸ ਹਾਦਸੇ ਵਿੱਚ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ। ਅਧਿਕਾਰੀਆਂ ਮੁਤਾਬਕ ਮੌਤ ਤੋਂ ਬਾਅਦ ਵੀ ਇੱਕ-ਪੁੱਤ ਦੇ ਇੱਕ-ਦੂਜੇ ਨਾਲ ਲਿਪਟੇ ਹੋਣ ਦੀ ਤਸਵੀਰ ਬਚਾਅ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੂੰ ਲਗਾਤਾਰ ਸਤਾ ਰਹੀ ਹੈ।
ਪਿਛਲੇ 24 ਘੰਟਿਆਂ ਤੋਂ ਬਚਾਅ ਕਾਰਜ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਪਲਟੀ ਹੋਈ ਕਰੂਜ਼ ਕਿਸ਼ਤੀ ਡੈਮ ਵਿੱਚ ਕਰੀਬ 20 ਫੁੱਟ ਦੀ ਡੂੰਘਾਈ 'ਤੇ ਫਸੀ ਹੋਈ ਹੈ। ਇਸ ਨੂੰ ਬਾਹਰ ਕੱਢਣ ਲਈ ਗੋਤਾਖੋਰਾਂ, ਹੋਰ ਕਿਸ਼ਤੀਆਂ ਅਤੇ ਭਾਰੀ ਮਸ਼ੀਨਰੀ ਦੀ ਮਦਦ ਲਈ ਜਾ ਰਹੀ ਹੈ। ਕਿਨਾਰੇ 'ਤੇ ਬੈਠੇ ਚਿੰਤਤ ਪਰਿਵਾਰਕ ਮੈਂਬਰ ਅਜੇ ਵੀ ਕਿਸੇ ਚਮਤਕਾਰ ਦੀ ਉਮੀਦ ਵਿੱਚ ਆਪਣੇ ਸਾਕ-ਸਬੰਧੀਆਂ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਮੰਦਭਾਗੀ ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ ਜਦੋਂ ਮੱਧ ਪ੍ਰਦੇਸ਼ ਸੈਰ-ਸਪਾਟਾ ਵਿਭਾਗ ਦੀ ਇੱਕ ਕਰੂਜ਼ ਕਿਸ਼ਤੀ, ਜਿਸ ਵਿੱਚ 40 ਤੋਂ 45 ਯਾਤਰੀ ਸਵਾਰ ਸਨ, ਅਚਾਨਕ ਆਏ ਤੂਫ਼ਾਨ ਦੀ ਲਪੇਟ ਵਿੱਚ ਆ ਗਈ। ਕਰੀਬ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਕਿਸ਼ਤੀ ਬੇਕਾਬੂ ਹੋ ਕੇ ਪਲਟ ਗਈ। ਵੀਰਵਾਰ ਨੂੰ 16 ਲੋਕਾਂ ਨੂੰ ਬਚਾ ਲਿਆ ਗਿਆ ਸੀ, ਪਰ ਅਜੇ ਵੀ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਹਾਦਸੇ ਵਿੱਚ ਬਚੇ ਲੋਕਾਂ ਨੇ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸ਼ਤੀ ਰਵਾਨਾ ਹੋਣ ਤੋਂ ਪਹਿਲਾਂ ਕੋਈ ਸੁਰੱਖਿਆ ਜਾਂਚ ਨਹੀਂ ਕੀਤੀ ਗਈ ਸੀ ਅਤੇ ਲਾਈਫ ਜੈਕਟਾਂ ਵੀ ਕਿਸ਼ਤੀ ਡੁੱਬਣ ਤੋਂ ਬਾਅਦ ਵੰਡੀਆਂ ਗਈਆਂ। ਸ਼ੁਰੂਆਤੀ ਸਮੇਂ ਵਿੱਚ ਸਥਾਨਕ ਪਿੰਡ ਵਾਸੀਆਂ ਨੇ ਹੀ ਅੱਗੇ ਆ ਕੇ ਰੱਸੀਆਂ ਦੀ ਮਦਦ ਨਾਲ ਡੁੱਬ ਰਹੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਕਿਸ਼ਤੀ ਦੇ ਅੰਦਰ ਅਜੇ ਵੀ ਕਈ ਹੋਰ ਲਾਸ਼ਾਂ ਫਸੀਆਂ ਹੋ ਸਕਦੀਆਂ ਹਨ।
Social Plugin