
ਅੰਮ੍ਰਿਤਸਰ ਦੇ ਬਹੁਚਰਚਿਤ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਕਤਲ ਮਾਮਲੇ ਵਿੱਚ ਕਰੀਬ ਅੱਠ ਸਾਲਾਂ ਬਾਅਦ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਹੈ। ਵਧੀਕ ਸੈਸ਼ਨ ਜੱਜ ਸੰਜੀਵ ਕੁੰਡੀ ਦੀ ਅਦਾਲਤ ਨੇ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰਿਆ ਸਮੇਤ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ, ਜਦਕਿ ਤਿੰਨ ਹੋਰ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ ਸੁਣਾਇਆ ਗਿਆ ਸੀ, ਜਿਸਨੂੰ ਸ਼ਨੀਵਾਰ ਨੂੰ ਅਧਿਕਾਰਤ ਤੌਰ ’ਤੇ ਜਾਰੀ ਕੀਤਾ ਗਿਆ।
ਅਦਾਲਤ ਵੱਲੋਂ ਬਰੀ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਬੌਬੀ ਮਲਹੋਤਰਾ, ਸੋਨੂੰ ਕੰਗਲਾ, ਕਾਰਤਿਕ ਉਰਫ਼ ਘੋੜਾ ਅਤੇ ਵਰਿੰਦਰ ਸਿੰਘ ਉਰਫ਼ ਸੰਨੀ ਦੇ ਨਾਮ ਸ਼ਾਮਲ ਹਨ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਪ੍ਰੋਸੀਕਿਊਸ਼ਨ ਇਨ੍ਹਾਂ ਖ਼ਿਲਾਫ਼ ਦੋਸ਼ਾਂ ਨੂੰ ਪੱਕੇ ਸਬੂਤਾਂ ਨਾਲ ਸਾਬਤ ਕਰਨ ਵਿੱਚ ਅਸਫਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਦਾ ਲਾਭ ਦਿੱਤਾ ਗਿਆ।
ਦੂਜੇ ਪਾਸੇ, ਅਦਾਲਤ ਨੇ ਅਰੁਣ ਕੁਮਾਰ ਉਰਫ਼ ਛੁਰੀਮਾਰ, ਅੰਗਰੇਜ਼ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ਼ ਰਿੰਕਾ ਨੂੰ ਕਤਲ, ਅਪਰਾਧਿਕ ਸਾਜ਼ਿਸ਼, ਸਬੂਤ ਮਿਟਾਉਣ ਅਤੇ ਜਾਅਲਸਾਜ਼ੀ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ। ਤਿੰਨਾਂ ਨੂੰ ਉਮਰਕੈਦ ਦੇ ਨਾਲ-ਨਾਲ 22 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਨੇ ਸਪਸ਼ਟ ਕੀਤਾ ਕਿ ਜੁਰਮਾਨਾ ਅਦਾ ਨਾ ਕਰਨ ਦੀ ਸਥਿਤੀ ਵਿੱਚ ਛੇ ਮਹੀਨੇ ਦੀ ਵਾਧੂ ਕੈਦ ਵੀ ਭੁਗਤਣੀ ਪਵੇਗੀ।
Social Plugin