
ਪੰਜਾਬ ਵਿੱਚ ਨਸ਼ੇ ਦਾ ਦੈਂਤ ਲਗਾਤਾਰ ਮਾਵਾਂ ਦੇ ਪੁੱਤ ਨਿਗਲ ਰਿਹਾ ਹੈ। ਤਾਜ਼ਾ ਮਾਮਲਾ ਥਾਣਾ ਢਿਲਵਾਂ ਅਧੀਨ ਪੈਂਦੇ ਪਿੰਡ ਚੱਕੋਕੀ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ 28 ਸਾਲਾ ਨੌਜਵਾਨ ਸ਼ਮਸ਼ੇਰ ਸਿੰਘ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਨੇ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦਿੱਤਾ ਹੈ, ਉੱਥੇ ਹੀ ਪੂਰੇ ਇਲਾਕੇ ਵਿੱਚ ਸਹਿਮ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਦੀ ਲਹਿਰ ਹੈ।
ਮ੍ਰਿਤਕ ਦੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਦਿਨ ਵੇਲੇ ਸਾਥੀਆਂ ਨਾਲ ਤੂੜੀ ਲਾਹੁਣ ਦਾ ਕੰਮ ਕਰ ਰਿਹਾ ਸੀ। ਸ਼ਾਮ ਵੇਲੇ ਸਾਰਿਆਂ ਨੇ ਮਿਲ ਕੇ ਨਸ਼ਾ ਕੀਤਾ, ਜਿਸ ਤੋਂ ਬਾਅਦ ਸ਼ਮਸ਼ੇਰ ਦੀ ਹਾਲਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਿਆ। ਅਕਾਸ਼ਦੀਪ ਅਨੁਸਾਰ, ਸ਼ਮਸ਼ੇਰ ਦੇ ਸਾਥੀਆਂ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਸ ਦੇ ਮੂੰਹ 'ਤੇ ਚਪੇੜਾਂ ਮਾਰੀਆਂ, ਜਿਸ ਕਾਰਨ ਉਸ ਦੇ ਚਿਹਰੇ ਅਤੇ ਅੱਖਾਂ 'ਤੇ ਗੰਭੀਰ ਸੋਜ ਆ ਗਈ। ਰਾਤ ਕਰੀਬ 8:30 ਵਜੇ ਸਾਥੀ ਉਸ ਨੂੰ ਬੇਸੁੱਧ ਹਾਲਤ ਵਿੱਚ ਘਰ ਸੁੱਟ ਕੇ ਫ਼ਰਾਰ ਹੋ ਗਏ। ਪਰਿਵਾਰ ਵੱਲੋਂ ਹਸਪਤਾਲ ਲਿਜਾਂਦੇ ਸਮੇਂ ਸ਼ਮਸ਼ੇਰ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।
ਇਸ ਘਟਨਾ ਤੋਂ ਬਾਅਦ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਮਹਿਜ਼ 15 ਦਿਨਾਂ ਅੰਦਰ ਉਨ੍ਹਾਂ ਦੇ ਹਲਕੇ ਵਿੱਚ ਨਸ਼ੇ ਕਾਰਨ ਇਹ ਪੰਜਵੀਂ ਮੌਤ ਹੈ। ਖਹਿਰਾ ਨੇ ਕਿਹਾ ਕਿ ਸਰਕਾਰ ਦੇ ਨਸ਼ਾ ਖ਼ਤਮ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅਤੇ ਨੌਜਵਾਨੀ ਲਗਾਤਾਰ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ।
ਢਿਲਵਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਕਪੂਰਥਲਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਮੁਹਿੰਮ ਨਾ ਵਿੱਢੀ ਗਈ, ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਫਿਲਹਾਲ, ਪਿੰਡ ਚੱਕੋਕੀ ਵਿੱਚ ਮਾਤਮ ਦਾ ਮਾਹੌਲ ਹੈ।
Social Plugin