
ਪੁਲਿਸ ਕਮਿਸ਼ਨਰੇਟ ਦੇ ਦਾਅਵਿਆਂ ਦੇ ਬਾਵਜੂਦ ਮਹਾਨਗਰ ਦੇ ਪੌਸ਼ ਇਲਾਕੇ ਅਰਬਨ ਅਸਟੇਟ ਫੇਜ਼-2 (ਬੀ-ਬਲਾਕ) ਵਿੱਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ ਨਜ਼ਰ ਆ ਰਹੀ ਹੈ। ਇਲਾਕੇ ਵਿੱਚ ਰਾਤ ਸਮੇਂ ਕਾਲੇ ਕੱਪੜੇ ਪਹਿਨੇ ਹਥਿਆਰਬੰਦ ਚੋਰ-ਲੁਟੇਰਿਆਂ ਦੇ ਘੁੰਮਣ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਇਲਾਕਾ ਥਾਣਾ ਨੰਬਰ 7 ਤੋਂ ਮਹਿਜ਼ ਕੁਝ ਹੀ ਦੂਰੀ 'ਤੇ ਸਥਿਤ ਹੈ, ਫਿਰ ਵੀ ਲੁਟੇਰੇ ਬੇਖ਼ੌਫ਼ ਹੋ ਕੇ ਵਾਰਦਾਤਾਂ ਦੀ ਤਾਕ ਵਿੱਚ ਰਹਿੰਦੇ ਹਨ।
ਡੀ-ਬਲਾਕ ਵਿੱਚ ਤਾਇਨਾਤ ਚੌਕੀਦਾਰ ਵਿਨੋਦ ਕੁਮਾਰ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਦੋ ਦਿਨ ਪਹਿਲਾਂ ਡਿਊਟੀ ਦੌਰਾਨ ਉਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਜਦੋਂ ਉਸ ਨੇ ਪਿੱਛਾ ਕਰਕੇ ਇੱਕ ਨੂੰ ਕਾਬੂ ਕੀਤਾ, ਤਾਂ ਉਕਤ ਲੁਟੇਰੇ ਨੇ ਤੇਜ਼ਧਾਰ ਹਥਿਆਰ ਕੱਢ ਲਿਆ ਅਤੇ ਚੌਕੀਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਹਨ੍ਹੇਰੇ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਿਆ। ਹਾਲਾਂਕਿ ਰੌਲਾ ਪੈਣ 'ਤੇ ਕੁਝ ਲੋਕ ਘਰਾਂ ਤੋਂ ਬਾਹਰ ਵੀ ਆਏ, ਪਰ ਤਦ ਤੱਕ ਸ਼ੱਕੀ ਵਿਅਕਤੀ ਰਫ਼ੂ-ਚੱਕਰ ਹੋ ਚੁੱਕੇ ਸਨ।
ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਂਦਿਆਂ ਸਮਾਜ-ਸੇਵੀ ਸੰਜੀਵ ਦੇਵ ਸ਼ਰਮਾ (ਬ੍ਰਹਮ ਮੋਟਰਜ਼) ਨੇ ਕਿਹਾ ਕਿ ਲੁਟੇਰਿਆਂ ਦੇ ਮਨਾਂ ਵਿੱਚੋਂ ਪੁਲਿਸ ਦਾ ਡਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਇਲਾਕਾ ਨਿਵਾਸੀਆਂ ਦੀਆਂ ਗੱਡੀਆਂ ਘਰਾਂ ਦੇ ਬਾਹਰ ਖੜ੍ਹੀਆਂ ਹੁੰਦੀਆਂ ਹਨ, ਜੋ ਕਿਸੇ ਵੀ ਵੇਲੇ ਇਨ੍ਹਾਂ ਚੋਰਾਂ ਦਾ ਨਿਸ਼ਾਨਾ ਬਣ ਸਕਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਦੀ ਢਿੱਲੀ ਗਸ਼ਤ ਕਾਰਨ ਹੀ ਅਜਿਹੇ ਅਨਸਰਾਂ ਦੇ ਹੌਸਲੇ ਬੁਲੰਦ ਹਨ।
ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਰਬਨ ਅਸਟੇਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਾਤ ਸਮੇਂ ਨਾਕਾਬੰਦੀ ਅਤੇ ਗਸ਼ਤ ਤੇਜ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਥਾਣਾ ਨੰਬਰ 7 ਦੇ ਮੁਲਾਜ਼ਮਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਜਾਣ ਤਾਂ ਜੋ ਆਮ ਜਨਤਾ ਆਪਣੇ ਘਰਾਂ ਵਿੱਚ ਸੁਰੱਖਿਅਤ ਮਹਿਸੂਸ ਕਰ ਸਕੇ ਅਤੇ ਕਿਸੇ ਵੱਡੀ ਅਣਹੋਣੀ ਨੂੰ ਰੋਕਿਆ ਜਾ ਸਕੇ।
Social Plugin