
ਜਲੰਧਰ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਵਰਕਰਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲਗਭਗ ਤਿੰਨ ਘੰਟਿਆਂ ਤੋਂ ਵੱਧ ਚੱਲੀ ਇਸ ਮੀਟਿੰਗ ਵਿੱਚ ਵਿਧਾਇਕਾਂ ਅਤੇ ਅਬਜ਼ਰਵਰਾਂ ਨੇ ਹਿੱਸਾ ਲਿਆ, ਜਿੱਥੇ ਸੰਗਠਨ ਦੀ ਮਜ਼ਬੂਤੀ ਅਤੇ ਜ਼ਮੀਨੀ ਪੱਧਰ ਦੇ ਫੀਡਬੈਕ ’ਤੇ ਵਿਚਾਰ ਕੀਤਾ ਗਿਆ।
ਸਿਸੋਦੀਆ ਨੇ ਦੱਸਿਆ ਕਿ ਪਾਰਟੀ ਵੱਲੋਂ ਨਿਯੁਕਤ ਅਬਜ਼ਰਵਰ ਲੋਕਾਂ ਨਾਲ ਸਿੱਧਾ ਸੰਪਰਕ ਬਣਾਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾ ਰਹੇ ਹਨ। ਇਹ ਪ੍ਰਕਿਰਿਆ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਹੈ ਅਤੇ ਲੱਖਾਂ ਵਲੰਟੀਅਰਾਂ ਨਾਲ ਸੰਪਰਕ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵਿਜ਼ਨ ਹੇਠ ਪਾਰਟੀ ਲਗਾਤਾਰ ਅੱਗੇ ਵੱਧ ਰਹੀ ਹੈ ਅਤੇ ਵਰਕਰ ਸਰਕਾਰ ਦੇ ਕੰਮ ਲੋਕਾਂ ਤੱਕ ਪਹੁੰਚਾ ਰਹੇ ਹਨ। ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਫੁੱਟ ਦੀਆਂ ਗੱਲਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਵਿਧਾਇਕ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੀ ਸੇਵਾ ਕਰਦੇ ਰਹਿਣਗੇ।
ਵਿਰੋਧੀ ਪਾਰਟੀਆਂ ’ਤੇ ਹਮਲਾ ਕਰਦਿਆਂ ਸਿਸੋਦੀਆ ਨੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਹ ਸਿਰਫ਼ ਸਿਆਸੀ ਤੋੜਫੋੜ ਦੀ ਰਾਜਨੀਤੀ ਕਰਦੀ ਹੈ, ਜਦਕਿ AAP ਵਿਕਾਸ ਅਤੇ ਲੋਕ ਭਲਾਈ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਮੀਟਿੰਗ ਦੌਰਾਨ ਸੰਗਠਨਕ ਤਿਆਰੀਆਂ, ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਅਤੇ ਪਿਛਲੇ ਕੰਮਾਂ ਦੀ ਸਮੀਖਿਆ ਵੀ ਕੀਤੀ ਗਈ। ਵਿਧਾਇਕਾਂ ਨੇ ਦਾਅਵਾ ਕੀਤਾ ਕਿ ਪਾਰਟੀ 2027 ਦੀਆਂ ਚੋਣਾਂ ਵਿੱਚ ਮੁੜ ਪੂਰੇ ਬਹੁਮਤ ਨਾਲ ਵਾਪਸੀ ਕਰੇਗੀ।
ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਵੀਡੀਓ ਕਾਨਫਰੰਸ ਰਾਹੀਂ ਜੁੜੇ, ਜਦਕਿ ਮਾਹੌਲ ਨੂੰ ਹਲਕਾ ਰੱਖਣ ਲਈ ਵਰਕਰਾਂ ਅਤੇ ਵਿਧਾਇਕਾਂ ਨੇ ਖੇਡਾਂ ਰਾਹੀਂ ਆਪਸੀ ਤਾਲਮੇਲ ਵੀ ਵਧਾਇਆ।
Social Plugin