
ਲੁਧਿਆਣਾ ਦੇ ਦੁੱਗਰੀ ਇਲਾਕੇ ‘ਚ ਵਿਸਾਖੀ ਦੇ ਪਾਵਨ ਮੌਕੇ ਇੱਕ ਦੁਖਦਾਈ ਹਾਦਸਾ ਵਾਪਰ ਗਿਆ, ਜਿੱਥੇ ਗੁਰਦੁਆਰਾ ਸ੍ਰੀ ਸਿੰਘ ਸਭਾ ਕਰਤਾਰ ਨਗਰ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੌਰਾਨ ਇੱਕ ਸੇਵਾਦਾਰ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਮਨਿੰਦਰ ਸਿੰਘ (40) ਵਜੋਂ ਹੋਈ ਹੈ, ਜੋ ਪਿਛਲੇ ਕਰੀਬ 12 ਸਾਲਾਂ ਤੋਂ ਇਹ ਸੇਵਾ ਨਿਭਾ ਰਿਹਾ ਸੀ। ਮੰਗਲਵਾਰ ਸਵੇਰੇ ਉਹ ਕ੍ਰੇਨ ਦੀ ਮਦਦ ਨਾਲ ਨਿਸ਼ਾਨ ਸਾਹਿਬ ‘ਤੇ ਚੜ੍ਹਿਆ ਹੋਇਆ ਸੀ, ਪਰ ਅਚਾਨਕ ਕ੍ਰੇਨ ਦੀ ਤਾਰ ਟੁੱਟਣ ਕਾਰਨ ਉਹ ਉੱਚਾਈ ਤੋਂ ਸਿੱਧਾ ਹੇਠਾਂ ਡਿੱਗ ਪਿਆ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਹੀ ਉਸਦੀ ਹਾਲਤ ਗੰਭੀਰ ਹੋ ਗਈ।
ਘਟਨਾ ਤੋਂ ਬਾਅਦ ਗੁਰਦੁਆਰਾ ਪ੍ਰਬੰਧਕਾਂ ਅਤੇ ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਅਫਰਾਤਫਰੀ ਮਚ ਗਈ। ਮਨਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸਦੇ ਸਿਰ ਅਤੇ ਸਰੀਰ ‘ਤੇ ਲੱਗੀਆਂ ਗੰਭੀਰ ਚੋਟਾਂ ਕਾਰਨ ਉਸਦੀ ਰਸਤੇ ‘ਚ ਹੀ ਮੌਤ ਹੋ ਗਈ। ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਾਣਕਾਰੀ ਮੁਤਾਬਕ, ਮਨਿੰਦਰ ਸਿੰਘ ਇੱਕ ਕਰਿਆਨੇ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਅਤੇ ਸਮਾਜਿਕ ਤੇ ਧਾਰਮਿਕ ਸੇਵਾਵਾਂ ਨਾਲ ਜੁੜਿਆ ਹੋਇਆ ਸੀ, ਜਿਸ ਕਾਰਨ ਉਸਦੀ ਅਚਾਨਕ ਮੌਤ ਨਾਲ ਇਲਾਕੇ ‘ਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ।
Social Plugin