
ਕੈਨੇਡਾ ਦੀਆਂ ਸੜਕਾਂ 'ਤੇ ਵਾਪਰ ਰਹੇ ਖੂਨੀ ਹਾਦਸਿਆਂ ਨੇ ਅੱਜ ਇੱਕ ਹੋਰ ਪੰਜਾਬੀ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ ਹੈ। ਮੈਨੀਟੋਬਾ ਸੂਬੇ ਦੇ ਵਿਨੀਪੈਗ ਨੇੜੇ ਦੋ ਟਰਾਲਿਆਂ ਵਿਚਾਲੇ ਹੋਈ ਸਿੱਧੀ ਅਤੇ ਭਿਆਨਕ ਟੱਕਰ ਵਿੱਚ ਖੰਨਾ ਦੇ ਨਜ਼ਦੀਕੀ ਪਿੰਡ ਜਸਪਾਲੋਂ ਦੇ 26 ਸਾਲਾ ਨੌਜਵਾਨ ਜੁਗਰਾਜ ਸਿੰਘ ਜੋਗੀ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਦੂਜੇ ਟਰਾਲੇ ਵਿੱਚ ਸਵਾਰ ਦੋ ਹੋਰ ਪੰਜਾਬੀ ਨੌਜਵਾਨਾਂ ਦੇ ਵੀ ਮਾਰੇ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ।
ਮ੍ਰਿਤਕ ਜੁਗਰਾਜ ਸਿੰਘ ਦੇ ਤਾਇਆ ਜਗਜੀਤ ਸਿੰਘ ਜੀਤਾ ਅਤੇ ਸਮਾਜ ਸੇਵੀ ਗੁਰਦਾਸ ਸਿੰਘ ਨੇ ਦੱਸਿਆ ਕਿ ਜੁਗਰਾਜ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਹ ਸਾਲ 2017 ਵਿੱਚ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਿਆ ਸੀ ਅਤੇ ਸਖ਼ਤ ਮਿਹਨਤ ਸਦਕਾ ਉੱਥੋਂ ਦਾ ਪੀਆਰ (ਪੀ.ਆਰ.) ਬਣ ਚੁੱਕਾ ਸੀ। ਜੁਗਰਾਜ ਆਪਣੀ ਭੈਣ ਨਾਲ ਵਿਨੀਪੈਗ ਰਹਿ ਰਿਹਾ ਸੀ ਅਤੇ ਬਤੌਰ ਟਰੱਕ ਡਰਾਈਵਰ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਦੌਰਾਨ ਜੁਗਰਾਜ ਸਿੰਘ ਸਮੇਤ ਦੂਜੇ ਟਰਾਲੇ ਵਿੱਚ ਸਵਾਰ ਦੋ ਹੋਰ ਪੰਜਾਬੀ ਗੱਭਰੂਆਂ ਨੇ ਵੀ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਸ ਦੁਖਦਾਈ ਖ਼ਬਰ ਦੇ ਪਿੰਡ ਪਹੁੰਚਦਿਆਂ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਅੱਖ ਨਮ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੁਗਰਾਜ ਦਾ ਅੰਤਿਮ ਸੰਸਕਾਰ ਕੈਨੇਡਾ ਵਿੱਚ ਹੀ ਕਰਨ ਦਾ ਫੈਸਲਾ ਲਿਆ ਗਿਆ ਹੈ। ਪੁੱਤ ਦੇ ਆਖਰੀ ਦਰਸ਼ਨਾਂ ਲਈ ਮਾਤਾ-ਪਿਤਾ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਕੈਨੇਡਾ ਲਈ ਰਵਾਨਾ ਹੋ ਗਏ ਹਨ।
Social Plugin