Hi, I m MANISH KALIA a Blogspot and Website Designer. I am Designe your Website Themeforest by Javascript HTML Codeing. At presents I have all Rights Reserved the design of this Website. If you want any change in this then you can Contact me through the link given below

Breaking News

6/recent/ticker-posts

ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਪੰਜਾਬ ਬਿੱਲ, 2026 ਪਾਸ

 

IMG

 ਚੰਡੀਗੜ੍ਹ, 16 ਮਾਰਚ: ਪੰਜਾਬ ਵਿਧਾਨ ਸਭਾ ਨੇ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੇਸ਼ ਕੀਤਾ ਗਿਆ ਇਤਿਹਾਸਕ ਸ੍ਰੀ ਗੁਰੂ ਤੇਗ਼ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਪੰਜਾਬ ਬਿੱਲ, 2026 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਪੰਜਾਬ ਦੀ ਅਧਿਆਤਮਿਕ ਵਿਰਾਸਤ ਨੂੰ ਬਿਹਤਰ ਉਚੇਰੀ ਸਿੱਖਿਆ ਵਾਲੀ ਭਵਿੱਖੀ ਸੋਚ ਪ੍ਰਤੀ ਅਹਿਮ ਕਦਮ ਚੁੱਕਦਿਆਂ, ਇਸ ਬਿੱਲ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇੱਕ ਅਤਿ-ਆਧੁਨਿਕ ਵਿਸ਼ਵ ਪੱਧਰੀ ਯੂਨੀਵਰਸਿਟੀ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ ਗਿਆ ਹੈ ਅਤੇ ਇਹ ਸੰਸਥਾ ਰੱਖਿਆ, ਏਰੋਸਪੇਸ, ਸਾਈਬਰ ਸੁਰੱਖਿਆ ਅਤੇ ਕੁਆਂਟਮ ਕੰਪਿਊਟਿੰਗ ਵਿੱਚ ਉੱਤਰੀ ਭਾਰਤ ਦੇ ਪਲੇਠੇ ਵਿਸ਼ੇਸ਼ ਕੋਰਸ ਉਪਲਬਧ ਕਰਵਾਏਗੀ ਅਤੇ ਇਹ ਐਮਆਈਟੀ ਵਰਗੀਆਂ ਵਿਸ਼ਵਵਿਆਪੀ ਸੰਸਥਾਵਾਂ ਦੇ ਬਰਾਬਰ ਖੜ੍ਹੀ ਹੋਵੇਗੀ।

ਅੱਜ ਬਿੱਲ ਪੇਸ਼ ਕਰਦਿਆਂ ਸ. ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਮਹੱਤਤਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ, "ਇਸ ਪਵਿੱਤਰ ਨਗਰੀ ਦੀ ਜ਼ਮੀਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖੁਦ ਖਰੀਦੀ ਸੀ। ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆਂ ਲਈ ਨਿਆਂ ਦੇ ਸੋਮੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਹ ਸਿੱਖ ਵਿਰਾਸਤ ਪ੍ਰਤੀ ਇੱਕ ਨਿਮਰ ਸ਼ਰਧਾਂਜਲੀ ਹੈ।" 

ਤਬਦੀਲੀ ਲਿਆਉਣ ਸਬੰਧੀ ਬਿੱਲ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦਿਆਂ ਸਿੱਖਿਆ ਮੰਤਰੀ ਨੇ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਰਣਨੀਤਕ ਅਧਿਐਨਾਂ 'ਤੇ ਕੇਂਦ੍ਰਿਤ ਇੱਕ ਵਿਸ਼ੇਸ਼ ਅਕਾਦਮਿਕ ਢਾਂਚੇ ਦੀ ਰੂਪਰੇਖਾ ਪੇਸ਼ ਕੀਤੀ ਜੋ ਮੌਜੂਦਾ ਸਮੇਂ ਉੱਤਰੀ ਭਾਰਤ ਦੀ ਕਿਸੇ ਵੀ ਪ੍ਰਮੁੱਖ ਸੰਸਥਾ ਵਿੱਚ ਮੌਜੂਦ ਨਹੀਂ ਹਨ। ਇਨ੍ਹਾਂ ਵਿੱਚ ਰੱਖਿਆ ਤਕਨਾਲੋਜੀ ਵਿੱਚ ਬੀ.ਐਸਸੀ, ਰਣਨੀਤਕ ਅਤੇ ਰੱਖਿਆ ਅਧਿਐਨ ‘ਚ ਐਮ.ਐਸਸੀ, ਰੱਖਿਆ, ਇਲੈਕਟ੍ਰਾਨਿਕਸ ਅਤੇ ਰਾਡਾਰ ਪ੍ਰਣਾਲੀਆਂ ਵਿੱਚ ਐਮ.ਟੈਕ, ਮਿਲਟਰੀ ਰੋਬੋਟਿਕਸ ਅਤੇ ਪਰਮਾਣੂ ਸਿਸਟਮ ਵਿੱਚ ਐਮ.ਟੈਕ, ਏਆਈ ਵਿੱਚ ਬੀ.ਟੈਕ, ਏਆਈ ਵਿੱਚ ਐਮ.ਟੈਕ, ਡੇਟਾ ਸਾਇੰਸਜ਼ ਵਿੱਚ ਐਮ.ਐਸਸੀ, ਡਰੋਨ ਇੰਜੀਨੀਅਰਿੰਗ ਅਤੇ ਯੂਏਵੀ ਤਕਨਾਲੋਜੀ, ਐਟੋਮਿਕ ਸੀਰੀਅਲ ਸਿਸਟਮ ਵਿੱਚ ਬੀ.ਟੈਕ, ਸਾਈਬਰ ਸੁਰੱਖਿਆ ਵਿੱਚ ਬੀ.ਟੈਕ, ਸਾਈਬਰ-ਵਾਰਫੇਅਰ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਐਮ.ਟੈਕ, ਸਪੇਸ ਤਕਨਾਲੋਜੀ ਅਤੇ ਸੈਟੇਲਾਈਟ ਇੰਜੀਨੀਅਰਿੰਗ ਵਿੱਚ ਬੀ.ਟੈਕ, ਸੈਮੀ-ਕੰਡਕਟਰ ਇੰਜੀਨੀਅਰਿੰਗ ਵਿੱਚ ਬੀ.ਟੈਕ, ਚਿੱਪ ਡਿਜ਼ਾਈਨ ਅਤੇ ਮਾਈਕ੍ਰੋ-ਇਲੈਕਟ੍ਰੋਨਿਕਸ ਵਿੱਚ ਐਮ.ਟੈਕ, ਕੁਆਂਟਮ ਤਕਨਾਲੋਜੀ ਵਿੱਚ ਬੀ.ਟੈਕ, ਕੁਆਂਟਮ ਕੰਪਿਊਟਿੰਗ ਵਿੱਚ ਐਮ.ਟੈਕ, ਮਿਲਟਰੀ ਹਿਸਟਰੀ ਵਿੱਚ ਬੀਏ ਅਤੇ ਐਮਏ, ਰੱਖਿਆ ਅਤੇ ਮਿਲਟਰੀ ਲਾਅ ਐਲਐਲਐਮ, ਮੈਰੀਟਾਈਮ ਵਿੱਚ ਐਲਐਲਬੀ, ਸਰਹੱਦੀ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਅਤੇ ਮੈਰੀਟਾਈਮ ਕੋਰਸਾਂ ਵਿੱਚ ਪੀਜੀ ਡਿਪਲੋਮਾ ਸ਼ਾਮਲ ਹਨ।

ਬੈਂਸ ਨੇ ਅੱਗੇ ਕਿਹਾ ਕਿ ਰੱਖਿਆ ਹੁਣ ਸਿਰਫ਼ ਇੱਕ ਸਰਕਾਰੀ ਖੇਤਰ ਨਹੀਂ ਰਿਹਾ। ਮਹਿੰਦਰਾ, ਟਾਟਾ ਅਤੇ ਹੋਰਨਾਂ ਕੰਪਨੀਆਂ ਡਰੋਨ ਅਤੇ ਮਿਜ਼ਾਈਲਾਂ ਬਣਾ ਰਹੀਆਂ ਹਨ। ਸਾਡੇ ਬੱਚਿਆਂ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਤਲੁਜ ਦਰਿਆ ਅਤੇ ਗੋਬਿੰਦ ਸਾਗਰ ਝੀਲ ਰਾਹੀਂ ਸਮੁੰਦਰੀ ਅਧਿਐਨ ਸਬੰਧੀ ਕੋਰਸ ਵੀ ਪੇਸ਼ ਕਰਾਂਗੇ ਅਤੇ ਗੁਰੂਆਂ ਦੇ ਸਮੇਂ ਤੋਂ ਮਹਾਰਾਜਾ ਰਣਜੀਤ ਸਿੰਘ ਤੱਕ ਜੰਗਾਂ ਦਾ ਅਧਿਐਨ ਕਰਨ ਲਈ ਫੌਜੀ ਇਤਿਹਾਸ ਵਿੱਚ ਮਾਸਟਰ ਡਿਗਰੀ ਵੀ ਦੇਵਾਂਗੇ। 

ਸਿੱਖਿਆ ਮੰਤਰੀ ਨੇ ਪੁਲਿਸਿੰਗ ਅਤੇ ਅੰਦਰੂਨੀ ਸੁਰੱਖਿਆ ਵਿੱਚ ਤਕਨਾਲੋਜੀ-ਅਧਾਰਤ ਖੋਜ ਦੀ ਜ਼ਰੂਰਤ ਨੂੰ ਉਜਾਗਰ ਕਰਦਿਆਂ ਇੱਕ ਸਰਹੱਦੀ ਰਾਜ ਵਜੋਂ ਪੰਜਾਬ ਦੀ ਵਿਲੱਖਣ ਸਥਿਤੀ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿਹਾ ਕਿ ਸੰਸਥਾ ਨੂੰ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਵਿਕਸਤ ਕੀਤਾ ਜਾਵੇਗਾ ਕਿਉਂਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਮ.ਆਈ.ਟੀ. ਦੇ ਬਰਾਬਰ ਇੱਕ ਸੰਸਥਾ ਦੀ ਕਲਪਨਾ ਕੀਤੀ ਹੈ, ਜੋ ਹਰਗੋਬਿੰਦ ਖੁਰਾਨਾ, ਪਿਆਰਾ ਸਿੰਘ ਗਿੱਲ ਅਤੇ ਡਾ. ਨਰਿੰਦਰ ਸਿੰਘ ਕਪਾਨੀ ਵਰਗੇ ਨੋਬਲ ਪੁਰਸਕਾਰ ਜੇਤੂਆਂ ਦੀ ਵਿਰਾਸਤ ਵਜੋਂ ਭਵਿੱਖ ਦੇ ਵਿਗਿਆਨੀਆਂ ਪੈਦਾ ਕਰੇਗੀ। ਇਹ ਇੱਕ ਅੰਤਰਰਾਸ਼ਟਰੀ ਪ੍ਰਮਾਣਿਕਤਾ ਵਾਲੀ ਯੂਨੀਵਰਸਿਟੀ ਹੋਵੇਗੀ, ਜਿੱਥੇ ਵਿਦਿਆਰਥੀ ਨਾ ਸਿਰਫ਼ ਡਿਗਰੀਆਂ ਪ੍ਰਾਪਤ ਕਰਨਗੇ ਬਲਕਿ ਅਗਲੇ 20 ਤੋਂ 50 ਸਾਲਾਂ ਵਿੱਚ ਪੰਜਾਬ ਅਤੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ 'ਤੇ ਕੰਮ ਕਰਨਗੇ।

ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਸਾਲਾਂ ਵਿੱਚ ਨਿਵੇਸ਼ ਲਈ 300 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ਵਿੱਚੋਂ ਮੌਜੂਦਾ ਬਜਟ ਵਿੱਚ ਸ਼ੁਰੂਆਤੀ ਤੌਰ 'ਤੇ 20 ਕਰੋੜ ਰੁਪਏ ਰੱਖੇ ਗਏ ਹਨ। ਇਹ ਪ੍ਰੋਜੈਕਟ ਸੂਬਾ ਸਰਕਾਰ ਦੀ ਇੱਕ ਪ੍ਰਮੁੱਖ ਤਰਜੀਹ ਹੈ ਅਤੇ ਜੋ ਵੀ ਫੰਡ ਲੋੜੀਂਦੇ ਹੋਣਗੇ ਉਹ ਹਰ ਹੀਲੇ ਮੁਹੱਈਆ ਕਰਵਾਏ ਜਾਣਗੇ।

 ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਰਣਨੀਤਕ ਤੌਰ 'ਤੇ ਕੀਰਤਪੁਰ ਸਾਹਿਬ ਅਤੇ ਨੰਗਲ ਹਾਈਵੇਅ 'ਤੇ ਇੱਕ ਨਵੇਂ ਮਨਜ਼ੂਰਸ਼ੁਦਾ ਬਾਈਪਾਸ ਦੇ ਨੇੜੇ ਸਥਾਪਿਤ ਕੀਤੀ ਜਾਵੇਗੀ, ਜੋ ਪਹੁੰਚ ਨੂੰ ਸੁਖਾਲਾ ਬਣਾਏਗੀ। ਇਹ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਮੋਹਾਲੀ ਤੋਂ 70 ਮਿੰਟ ਦੀ ਦੂਰੀ 'ਤੇ ਹੈ ਅਤੇ ਇੱਥੋਂ ਰਾਸ਼ਟਰੀ ਰਾਜਧਾਨੀ ਤੋਂ ਸਿਰਫ਼ ਚਾਰ ਘੰਟੇ ਦੀ ਦੂਰੀ 'ਤੇ ਹੈ। ਇੱਕ ਬੰਦ ਪਏ ਕਾਲਜ ਅਤੇ ਇੱਕ ਮਾਰਸ਼ਲ ਅਕੈਡਮੀ ਵਿੱਚ ਇੱਕ ਟਰਾਂਜ਼ਿਟ ਕੈਂਪਸ ਦੀ ਪਛਾਣ ਕੀਤੀ ਗਈ ਹੈ, ਜਿਸ ਵਿੱਚ ਜੁਲਾਈ 2026 ਤੱਕ ਕੋਰਸ ਸ਼ੁਰੂ ਕਰਨ ਲਈ ਅਧਿਕਾਰੀ ਦਿਨ-ਰਾਤ ਕੰਮ ਕਰ ਰਹੇ ਹਨ।

 ਬੈਂਸ ਨੇ ਅਨੁਮਾਨ ਲਗਾਇਆ ਕਿ ਯੂਨੀਵਰਸਿਟੀ ਅਗਲੇ ਦਹਾਕੇ ਵਿੱਚ 10,000 ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖਿਆ ਦੇਵੇਗੀ, ਜਿਸ ਨਾਲ ਖੇਤਰ ਵਿੱਚ ਸਿੱਧੇ ਅਤੇ ਅਸਿੱਧੇ ਤੌਰ ‘ਤੇ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ, ਜਿਸ ਵਿੱਚ ਫੈਕਲਟੀ, ਤਕਨੀਕੀ ਸਟਾਫ, ਲੈਬ ਸਹਾਇਕ ਅਤੇ ਰਿਟੇਲ, ਪ੍ਰਾਹੁਣਚਾਰੀ ਤੇ ਸਟਾਰਟਅੱਪਸ ਦੇ ਮੌਕੇ ਸ਼ਾਮਲ ਹਨ।

ਉਨ੍ਹਾਂ ਐਲਾਨ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦਾ ਸਮਾਪਤੀ ਸਮਾਗਮ ਇਸੇ ਯੂਨੀਵਰਸਿਟੀ ਦੇ ਗਰਾਉਂਡ ‘ਤੇ ਹੋਵੇਗਾ। ਇਹ ਸਿਰਫ਼ ਇੱਕ ਯੂਨੀਵਰਸਿਟੀ ਨਹੀਂ, ਬਲਕਿ ਇਸ ਪਵਿੱਤਰ ਧਰਤੀ ਨੂੰ ਸ਼ਰਧਾਂਜਲੀ ਹੈ।

ਯੂਨੀਵਰਸਿਟੀ ਦੀ ਸਥਾਪਨਾ ਨੂੰ ਇੱਕ ਮਿਸ਼ਨ ਦੱਸਦਿਆਂ ਸ. ਬੈਂਸ ਨੇ ਕਿਹਾ ਕਿ ਇਹ ਸ੍ਰੀ ਆਨੰਦਪੁਰ ਸਾਹਿਬ, ਨੰਗਲ, ਰੋਪੜ, ਗੜ੍ਹਸ਼ੰਕਰ, ਬੰਗਾ, ਬਲਾਚੌਰ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਬਿੱਲ 'ਤੇ ਚਰਚਾ ਤੋਂ ਬਾਅਦ, ਵਿਧਾਨ ਸਭਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਪੰਜਾਬ ਬਿੱਲ, 2026 ਨੂੰ ਸਰਬਸੰਮਤੀ ਪਾਸ ਕਰ ਦਿੱਤਾ ਹੈ।