
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਫ਼ਰਵਰੀ :
ਮੋਹਾਲੀ ਪੁਲਿਸ ਨੇ ਮਿਤੀ 12-02-2026 ਨੂੰ ਤਿੰਨ ਨਾ-ਮਾਲੂਮ ਦੋਸ਼ੀਆਂ ਵੱਲੋਂ ਅਲਕਾਜ਼ਾਰ ਕਾਰ ਵਿੱਚ ਸਵਾਰ ਹੋ ਕੇ ਲਾਲ/ਨੀਲੀ ਬੱਤੀ (ਫਲੈਸ਼ਰ ਲਾਈਟ) ਲਗਾਕੇ ਲਾਂਡਰਾ ਚੌਂਕ ਨੇੜਿਓਂ ਸਰੀਏ ਦੇ ਭਰੇ ਟਰੱਕ/ਟਰਾਲੇ ਦੇ ਡਰਾਈਵਰ ਅਤੇ ਕੰਡਕਟਰ ਨੂੰ ਬੰਦੀ ਬਣਾਕੇ ਟਰੱਕ/ਟਰਾਲੇ ਅਤੇ ਸਰੀਏ ਦੀ ਕੀਤੀ ਲੁੱਟ ਦੇ ਮਾਮਲੇ ਨੂੰ ਹੱਲ ਕਰਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੁੱਟੇ ਟਰੱਕ/ਟਰਾਲੇ ਸਮੇਤ ਸਰੀਆ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਕਪਤਾਨ ( ਜਾਂਚ) ਸ਼੍ਰੀ ਸੌਰਵ ਜਿੰਦਲ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 12-02-2026 ਨੂੰ ਅਸ਼ੋਕ ਯਾਦਵ ਪੁੱਤਰ ਜੈ ਕਿਸ਼ਨ ਯਾਦਵ ਵਾਸੀ ਮਕਾਨ ਨੰ: 03 ਰੋਇਲ ਸਿਟੀ ਜੱਸੜਾਂ ਰੋਡ ਗਲੀ ਨੰ: 03 ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਿਆਨਾਂ ਦੇ ਅਧਾਰ ਤੇ 03 ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 41 ਮਿਤੀ 12-02-2026 ਅਧੀਨ ਧਾਰਾ 309(4), 3(5) ਬੀ ਐਨ ਐਸ ਥਾਣਾ ਸੁਹਾਣਾ ਰਜਿਸਟਰ ਹੋਇਆ ਸੀ। ਉਹ ਪਿਛਲੇ ਦੋ ਸਾਲ ਤੋਂ PB32-P-4757 ਟਾਟਾ 4018, ਰੰਗ ਚਿੱਟਾ, 18 ਟਾਇਰੀ ਗੱਡੀ ਜੋ ਕਿ ਉਸਦੇ ਮਾਮੇ ਸੁੰਦਰ ਯਾਦਵ ਦੀ ਹੈ, ਚਲਾ ਰਿਹਾ ਹੈ। ਮਿਤੀ 11-02-2026 ਨੂੰ ਵਕਤ ਕਰੀਬ 10:00 ਵਜੇ ਰਾਤ, ਉਹ ਸਮੇਤ ਆਪਣੇ ਕੰਡਕਟਰ ਅਨਿਲ ਪੁੱਤਰ ਕੇਦਾਰ ਸਾਹਨੀ ਨਾਲ ਮੰਡੀ ਗੋਬਿੰਦਗੜ੍ਹ ਤੋਂ ਖਰੜ ਦਾ ਕਰੀਬ 35 ਟੱਨ ਸਰੀਆ ਲੋਡ ਕਰਕੇ ਚੱਲਿਆ ਸੀ। ਜਦੋਂ ਉਹ ਨੇੜੇ ਲਾਂਡਰਾ ਚੌਕ ਗੱਡੀ ਸਾਈਡ 'ਤੇ ਲਗਾਕੇ ਮਿਤੀ 12-02-2026 ਨੂੰ ਵਕਤ ਕਰੀਬ 03:00 ਵਜੇ ਸਵੇਰੇ ਗੱਡੀ ਨੂੰ ਚੈੱਕ ਕਰ ਰਿਹਾ ਸੀ ਤਾਂ ਉਹਨਾਂ ਕੋਲ ਇੱਕ ਚਿੱਟੇ ਰੰਗ ਦੀ ਗੱਡੀ ਆਕੇ ਰੁੱਕੀ, ਜਿਸਦੇ ਅੰਦਰ ਸ਼ੀਸ਼ੇ ਵਿੱਚ ਪੁਲਿਸ ਦੀ ਗੱਡੀ ਵਰਗੀ ਲਾਈਟ ਲੱਗੀ ਹੋਈ ਸੀ। ਇਸ ਵਿੱਚ 03 ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਉਸ ਪਾਸੋਂ ਕਾਗਜ਼ਾਤ ਦੀ ਮੰਗ ਕੀਤੀ। ਉਨ੍ਹਾਂ ਨੇ ਆਰ.ਟੀ.ਓ. ਸਮਝਕੇ ਉਹਨਾਂ ਨੂੰ ਆਪਣੇ ਦਸਤਾਵੇਜ਼ ਚੈੱਕ ਕਰਵਾਏ ਤਾਂ ਉਹਨਾਂ ਨੇ ਦੋਨਾਂ ਨੂੰ ਥੱਲੇ ਉਤਾਰਕੇ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਇੱਕ ਵਿਅਕਤੀ ਉਸਦਾ ਟਰਾਲਾ ਸਮੇਤ ਸਰੀਏ ਦੀ ਲੁੱਟ ਕਰਕੇ ਮੌਕੇ ਤੋਂ ਲੈ ਗਿਆ।
ਉਕਤ ਵਾਰਦਾਤ 'ਚ ਸ਼ਾਮਿਲ ਦੋਸ਼ੀਆਂ ਨੂੰ ਲੱਭਣ ਅਤੇ ਖੋਹੇ ਟਰਾਲੇ ਅਤੇ ਲੁੱਟੇ ਸਰੀਏ ਨੂੰ ਬ੍ਰਾਮਦ ਕਰਨ ਲਈ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਜੀ ਵੱਲੋਂ ਤਲਵਿੰਦਰ ਸਿੰਘ, ਕਪਤਾਨ ਪੁਲਿਸ (ਆਪਰੇਸ਼ਨ) ਅਤੇ ਰਾਜਨ ਪਰਮਿੰਦਰ ਸਿੰਘ, ਉੱਪ-ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਨੂੰ ਲੱਭਣ ਦਾ ਕਾਰਜ ਦਿੱਤਾ ਗਿਆ ਸੀ। ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਮੁਕੱਦਮਾ ਦੇ ਦੋਸ਼ੀਆਂ ਨੂੰ ਮਾਨਵੀ ਸਰੋਤਾਂ ਅਤੇ ਤਕਨੀਕੀ ਤਰੀਕੇ ਨਾਲ ਲੱਭ ਕੇ ਮਿਤੀ 14-02-2026 ਨੂੰ ਨੇੜੇ ਪਿੰਡ ਮਜਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਨਾਮ ਪਤਾ ਦੋਸ਼ੀ:-
1. ਦੋਸ਼ੀ ਨਰਿੰਦਰ ਸਿੰਘ ਉਰਫ ਮੋਨੀ ਉਰਫ ਕਾਲ਼ਾ ਪੁੱਤਰ ਲੇਟ ਗੁਰਨਾਮ ਸਿੰਘ ਵਾਸੀ ਪਿੰਡ ਮਜਾਤੜੀ, ਥਾਣਾ ਸਦਰ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ, ਉਮਰ ਕਰੀਬ 38 ਸਾਲ, 10 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਉਸ ਵਿਰੁੱਧ ਜ਼ਿਲ੍ਹਾ ਮੋਹਾਲੀ, ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਧੋਖਾ-ਧੜੀ, ਨਸ਼ਾ ਤਸਕਰੀ ਅਤੇ ਲੜਾਈ-ਝਗੜੇ ਦੇ ਕੁੱਲ 06 ਮੁਕੱਦਮੇ ਦਰਜ ਹਨ।
2. ਦੋਸ਼ੀ ਹਰਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਮਾਜਰੀ ਕਿਸ਼ਨੇਵਾਲੀ, ਥਾਣਾ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਉਮਰ ਕਰੀਬ 37 ਸਾਲ, 10+2 ਪਾਸ ਅਤੇ ਸ਼ਾਦੀ ਸ਼ੁਦਾ ਹੈ। ਉਸ ਵਿਰੁੱਧ ਥਾਣਾ ਸਦਰ ਪਟਿਆਲਾ ਵਿਖੇ ਨਜਾਇਜ ਸ਼ਰਾਬ ਦਾ ਮਕੱਦਮਾ ਦਰਜ ਹੈ।
3. ਦੋਸ਼ੀ ਅਰਵਿੰਦਰ ਸਿੰਘ ਉਰਫ ਰਾਜਾ ਪੁੱਤਰ ਸੁਖਚਰਨ ਸਿੰਘ ਵਾਸੀ ਵਾਰਡ ਨੰ: 03 ਮਾਗੀ ਕਲੋਨੀ ਅਮਲੋਹ, ਥਾਣਾ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਉਮਰ ਕਰੀਬ 41 ਸਾਲ, ਜਿਸਨੇ ਬੀਕਾਮ ਕੀਤੀ ਹੋਈ ਹੈ ਤੇ ਸ਼ਾਦੀ ਸ਼ੁਦਾ ਹੈ।
ਬ੍ਰਾਮਦਗੀ ਦਾ ਵੇਰਵਾ:-
1. ਗੱਡੀ ਪੀ ਬੀ 23-ਏ ਏ-0073, ਹੁੰਡਈ ਅਲਕਾਜ਼ਾਰ, ਰੰਗ ਚਿੱਟਾ।
2. ਖੋਹਿਆ 18 ਟਾਇਰਾ ਟਰੱਕ/ਟਰਾਲਾ
3. ਲੁੱਟ ਕੀਤਾ 35 ਟੱਨ ਸਰੀਆ, ਕੀਮਤ ਕਰੀਬ 20 ਲੱਖ ਰੁਪਏ
ਦੋਸ਼ੀ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਅਧੀਨ ਹਨ।
Social Plugin