ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਗੰਭੀਰ ਵਿਵਾਦਾਂ ਦੇ ਕੇਂਦਰ ਵਿੱਚ ਆ ਗਏ ਹਨ। ਦਿੱਲੀ ਵਿੱਚ ਹੋਏ ਇੱਕ ਲਾਈਵ ਸ਼ੋਅ ਦੌਰਾਨ ਗਾਇਕ ਵੱਲੋਂ ਵਰਤੀ ਗਈ 'ਭੱਦੀ' ਸ਼ਬਦਾਵਲੀ ਨੇ ਨਵਾਂ ਸਿਆਪਾ ਖੜ੍ਹਾ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਹਨੀ ਸਿੰਘ ਦਿੱਲੀ ਦੀ ਸਰਦੀ ਦਾ ਜ਼ਿਕਰ ਕਰਦਿਆਂ ਨੌਜਵਾਨਾਂ ਦੇ ਇਕੱਠ ਵਿੱਚ ਬੇਹੱਦ ਇਤਰਾਜ਼ਯੋਗ ਟਿੱਪਣੀਆਂ ਕਰਦੇ ਸੁਣਾਈ ਦੇ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸਖ਼ਤ ਆਲੋਚਨਾ ਹੋ ਰਹੀ ਹੈ।
ਜਸਬੀਰ ਜੱਸੀ ਦਾ ਵੱਡਾ ਹਮਲਾ: "ਇਹ ਗੰਦਗੀ ਹੁਣ ਬਰਦਾਸ਼ਤ ਤੋਂ ਬਾਹਰ"
ਇਸ ਪੂਰੇ ਘਟਨਾਕ੍ਰਮ 'ਤੇ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਖੁੱਲ੍ਹ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਹਨੀ ਸਿੰਘ ਨੇ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜੱਸੀ ਮੁਤਾਬਕ, "ਮੈਂ ਕਾਫੀ ਸਮੇਂ ਤੋਂ ਚੁੱਪ ਸੀ, ਪਰ ਜਦੋਂ ਗੱਲ ਹੱਦ ਤੋਂ ਵੱਧ ਜਾਵੇ ਤਾਂ ਬੋਲਣਾ ਪੈਂਦਾ ਹੈ। ਇਹ ਮੁੜ ਉਸੇ ਗੰਦਗੀ ਵੱਲ ਪਰਤ ਰਿਹਾ ਹੈ, ਜੋ ਸਮਾਜ ਲਈ ਘਾਤਕ ਹੈ।"
ਪਰਿਵਾਰ ਨੂੰ ਦਖਲ ਦੇਣ ਦੀ ਅਪੀਲ
ਜਸਬੀਰ ਜੱਸੀ ਨੇ ਇਸ ਵਾਰ ਸਿੱਧਾ ਹਨੀ ਸਿੰਘ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਇੱਕ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਕਿਹਾ:
"ਮੈਂ ਉਸ ਦੇ ਮਾਤਾ-ਪਿਤਾ ਅਤੇ ਭੈਣ ਨੂੰ ਬੇਨਤੀ ਕਰਦਾ ਹਾਂ ਕਿ ਉਹ ਅੱਗੇ ਆਉਣ ਅਤੇ ਇਸ ਨੂੰ ਰੋਕਣ।"
"ਜੇਕਰ ਉਹ ਦੁਨੀਆ ਜਾਂ ਪ੍ਰਸ਼ੰਸਕਾਂ ਦੀ ਪਰਵਾਹ ਨਹੀਂ ਕਰਦਾ, ਤਾਂ ਸ਼ਾਇਦ ਆਪਣੇ ਪਰਿਵਾਰ ਦੇ ਕਹਿਣ 'ਤੇ ਸ਼ਰਮ ਕਰ ਲਵੇ।"
"ਸਾਨੂੰ ਆਪਣੇ ਸਮਾਜ ਅਤੇ ਆਉਣ ਵਾਲੀ ਪੀੜ੍ਹੀ ਬਾਰੇ ਸੋਚਣਾ ਚਾਹੀਦਾ ਹੈ, ਜਿਨ੍ਹਾਂ ਨੂੰ ਅਜਿਹੀ ਗਾਇਕੀ ਕੁਰਾਹੇ ਪਾ ਰਹੀ ਹੈ।"
ਰਾਈਵਲਰੀ ਨਹੀਂ, ਸਗੋਂ ਸਮਾਜਿਕ ਫ਼ਰਜ਼: ਜੱਸੀ
ਅਕਸਰ ਅਜਿਹੀਆਂ ਟਿੱਪਣੀਆਂ ਨੂੰ ਗਾਇਕਾਂ ਦੀ ਆਪਸੀ ਖਹਿਬਾਜ਼ੀ ਮੰਨ ਲਿਆ ਜਾਂਦਾ ਹੈ, ਪਰ ਜੱਸੀ ਨੇ ਸਾਫ਼ ਕੀਤਾ ਕਿ ਇਹ ਕੋਈ ਨਿੱਜੀ ਸੜਨ ਜਾਂ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਗਾਇਕ ਜਨਤਕ ਮੰਚਾਂ 'ਤੇ ਅਜਿਹਾ ਵਿਵਹਾਰ ਕਰਦੇ ਹਨ, ਤਾਂ ਇਹ ਪੂਰੇ ਪੰਜਾਬੀ ਸੱਭਿਆਚਾਰ ਨੂੰ ਬਦਨਾਮ ਕਰਦਾ ਹੈ।
ਪ੍ਰਤੀਕਿਰਿਆ ਦੀ ਉਡੀਕ: ਫਿਲਹਾਲ ਯੋ ਯੋ ਹਨੀ ਸਿੰਘ ਵੱਲੋਂ ਇਸ ਵਧਦੇ ਵਿਵਾਦ ਅਤੇ ਜਸਬੀਰ ਜੱਸੀ ਦੇ ਇਲਜ਼ਾਮਾਂ 'ਤੇ ਕੋਈ ਜਵਾਬੀ ਬਿਆਨ ਨਹੀਂ ਆਇਆ ਹੈ। ਦੇਖਣਾ ਹੋਵੇਗਾ ਕਿ ਕੀ ਇਸ ਵਾਰ ਇਹ ਮਾਮਲਾ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਤ ਰਹਿੰਦਾ ਹੈ ਜਾਂ ਕੋਈ ਕਾਨੂੰਨੀ ਕਾਰਵਾਈ ਵੀ ਹੁੰਦੀ ਹੈ।

Social Plugin